ਲੇਖ

ਪਾਕਿਸਤਾਨ ’ਚ ਰਚੀ ਜਾ ਰਹੀ ਪੰਜਾਬੀ ਕਹਾਣੀ ਦੀ ਆਪਣੀ ਤਸੀਰ ਏ। ਉਹ ਭਾਵੇਂ ਸ਼ਾਹਮੁੱਖੀ ਲਿੱਪੀ ‘ਚ ਲਿਖੀ ਜਾ ਰਹੀ ਹੋਵੇ ਜਾਂ ਉਥੋਂ ਦੀ ਉਰਦੂ ਜ਼ੁਬਾਨ (ਮੰਟੋ ਰੰਗ) ਦੀ ਕਹਾਣੀ ਹੋਵੇ। ਭਾਵੇਂ ਅਸੀਂ ਸਾਂਝਾ ਪੰਜਾਬ ਵੀ ਕਹਿ ਦਿੰਦੇ ਹਾਂ ਤੇ ਸਰਹੱਦਾ ਤੋੜਨ ਲਈ ਜਾਂ ਦੋਵੇਂ ਪੰਜਾਬ ਜੋੜਨ ਲਈ ਸਰਹੱਦਾ ਤੇ ਮੋਮਬੱਤੀਆਂ ਵੀ ਜਗਾਉਣ ਤੁਰ ਪੈਂਦੇ ਹਾਂ। ਸਾਨੂੰ ਇਹ ਵੀ ਪਤਾ ਏ ਕਿ ਸਰਹੱਦਾ ਜੋ ਬਣ ਗਈਆਂ ਨੇ ਇਹਨੇ ਟੁੱਟਣਾ ਨਹੀਂ। ਖ਼ੈਰ ਗੱਲ ਅਸੀਂ ਪਾਕਿਸਤਾਨੀ ਪੰਜਾਬੀ ਗ਼ਲਪ ਦੀ ਕਰਨੀ ਏ। ਜਿਸ ਦਾ ਪੰਜਾਬ ਨਾਲੋਂ ਟੁੱਟਿਆਂ ਅੱਠਵਾਂ ਦਹਾਕਾ ਚੱਲ ਪਿਆ ਏ। ਓਧਰਲੇ ਸਮਾਜ ਦਾ ਇਕ ਆਪਣਾ ਕਲਚਰ ਉਸਤ ਗਿਆ ਏ ਅਤੇ ਤੀਜੀ ਚੌਥੀ ਪੀੜ੍ਹੀ ਜਵਾਨ ਹੋਣ ਲੱਗ ਪਈ ਏ। ਉਥੋਂ ਦੇ ਸਮਾਜ ਦੇ ਵਿਰੋਧ, ਤਣਾਓ, ਸੱਭਿਆਚਾਰਕ ਵਖਰੇਵੇਂ, ਸ਼ੋਸ਼ਣ ਦੀਆਂ ਵੱਖ-ਵੱਖ ਪਰਤਾਂ ਅਤੇ ਨਾਰੀ ਦਾ ਅਸਤਿੱਤਵ ਵੱਖਰੀ ਤਰ੍ਹਾਂ ਉਸਰਨ ਲੱਗ ਪਿਆ ਏ। ਇਨ੍ਹਾਂ ਸਾਰੇ ਵਿਰੋਧਾ ਤੇ ਸਾਂਝਾ ਵਿੱਚੋਂ ਉਥੋਂ ਦੀ ਕਹਾਣੀ ਦਾ ਬਿਰਤਾਂਤ ਅਤੇ ਪਾਤਰ ਓਧਰਲੀ ਕਹਾਣੀ ਵਿਚ ਆਉਣ ਲੱਗ ਪਏ ਨੇ।ਓਧਰਲੀ ਕਹਾਣੀ ਵਿਚ ਜਿਹੜਾ ਅਸੀਂ ਬਿਰਤਾਂਤ, ਤਣਾਓ ਅਤੇ ਨਾਇਕ ਉਸਰਦਾ ਪੜ੍ਹਦੇ ਹਾਂ। ਉਹ ਪੰਜਾਬੀ ਕਹਾਣੀ ‘ਚ ਵੱਖਰਾ ਖੜਾ ਦਿਸਦਾ ਏ।

ਓਧਰਲੀ ਕਹਾਣੀ ਦੀ ਆਪਣੀ ਖ਼ਾਸੀਅਤ ਏ, ਉਹਦੇ ਆਪਣੇ ਵਿਸ਼ੇ ਨੇ, ਉਹਦੇ ਆਪਣੇ ਪਾਤਰ ਨੇ। ਹਰ ਸਾਲ ਨਵੇਂ ਨਵੇਂ ਓਧਰਲੇ ਕਥਾਕਾਰ ਏਧਰ ਲਿੱਪੀਆਂਤਰ ਹੋ ਕੇ ਪਹੁੰਚ ਰਹੇ ਨੇ।ਉਨ੍ਹਾਂ ਦੀ ਕਹਾਣੀ ਵਿਚ ਤਾਜਗੀ ਏ। ਜਿਹੜੇ ਅਦਬੀ ਲੋਕ ਓਧਰਲੀ ਕਹਾਣੀ ਤੇ ਨਾਵਲ ਏਧਰ ਲਿੱਪੀਆਂਤਰ ਕਰਕੇ ਗੁਰਮੁੱਖੀ ਪਾਠਕਾਂ ਨੂੰ ਪੜ੍ਹਨ ਲਈ ਦੇ ਰਹੇ ਹਨ ਉਹ ਨਿਸਚੇ ਹੀ ਮੁੱਲਵਾਨ ਉਪਰਾਲਾ ਕਰ ਰਹੇ ਨੇ। ਪਹਿਲਾਂ ਪਹਿਲ ਡਾ. ਜਗਤਾਰ ਅਤੇ ਡਾ. ਕਰਨੈਲ ਸਿੰਘ ਥਿੰਦ ਹੁਰਾਂ ਨੇ ਓਧਰਲੇ ਗਲਪ ਨੂੰ ਏਧਰ ਗੁਰਮੁੱਖੀ ‘ਚ ਉਲੱਥ ਕੇ ਸਾਂਝ ਦੀ ਇਕ ਪਿਰਤ ਪਾਈ। ਫਿਰ ਇਨ੍ਹਾਂ ‘ਚ ਜਤਿੰਦਰ ਪਾਲ ਜੌਲੀ ਦਾ ਨਾਂ ਵੀ ਜੁੜ ਗਿਆ। ਕਹਾਣੀਕਾਰ ਤਲਵਿੰਦਰ ਸਿੰਘ ਜਦੋਂ ਕਹਾਣੀ ਵਿਚ ਸਰਗਰਮ ਹੋਇਆ ਤਾਂ ਉਹ ਪਾਕਿਸਤਾਨ ਵਿਚ ਗੇੜੇ ਮਾਰਨ ਲੱਗਾ। ਉਹ ਉਧਰੋਂ ਸ਼ਾਹਮੁੱਖੀ ‘ਚ ਲਿਖੇ ਕਹਾਣੀ ਸੰਗ੍ਰਹਿ ਤੇ ਨਾਵਲ ਏਧਰ ਲੈ ਆਉਂਦਾ ਤੇ ਪਾਲ ਸਿੰਘ ਵੱਲ੍ਹਾ ਨੂੰ ਦੇ ਦਿੰਦਾ। ਆਪਣੇ ਸਮੇਂ ਉਹਨੇ ਪਾਕਿਸਤਾਨ ਦੇ ਕਈ ਸਾਲ ਗੇੜੇ ਲਾਏ ਤੇ ਢੇਰਾ ਦਾ ਢੇਰ ਸਾਹਿਤ ਏਧਰ ਲੈ ਆਇਆ। ਤਲਵਿੰਦਰ ਸਿੰਘ ਦੇ ਯਤਨਾ ਨਾਲ ਸ਼ਾਹਮੁੱਖੀ ਦੇ ਅਨੇਕਾਂ ਕਹਾਣੀ ਸੰਗ੍ਰਹਿ ਗੁਰਮੁੱਖੀ ਵਿਚ ਏਧਰ ਛਪੇ। ਅਨਵਰ ਅਲੀ ਦੀ ‘ਗੁੜ ਦੀ ਭੇਲੀ’, ਖ਼ਾਲਿਦ ਫ਼ਰਹਾਦ ਧਾਰੀਵਾਲ ਦੀ ‘ਕਥਾ ਇੱਕ ਕਲਯੁੱਗ ਦੀ’, ਜ਼ੁਬੈਰ ਅਹਿਮਦ ਦੀ ‘ਕਬੂਤਰ ਬਨੇਰੇ ਤੇ ਗਲੀਆਂ ਮਕਸੂਦ ਸਾਕਿਬ ਦੀ ਧੋਤੇ ਪੰਨਿਆਂ ਦੀ ਇਬਾਰਤ’, ‘ਤੂੰ ਘਰ ਚਲਾ ਜਾ’, ਆਸ਼ਿਕ ਰਹੀਲ ਦੀ ‘ਕਿੱਸਾ ਮੇਰੇ ਪਿੰਡ ਦਾ’ ਅਤੇ ਅਫ਼ਜ਼ਲ ਤੌਸੀਫ਼ ਦੀ ‘ਬੁਲਬੁਲੀਨਾ’, ‘ਟਾਹਲੀ ਮੇਰੇ ਬੱਚੜੇ’, ‘ਮਾਈ ਅਨਾਰਾਂ ਵਾਲੀ’ ਵਰਗੀਆਂ ਕਹਾਣੀਆਂ ਦੀਆਂ ਕਿਤਾਬਾਂ ਸਾਡੇ ਤੱਕ ਪੁਜ ਗਈਆਂ। ਇਹ ਸਾਰੇ ਕਥਾਕਾਰ ਸ਼ਾਹਮੁੱਖੀ ਦੇ ਬੜੇ ਜਵੇ ਵਾਲੇ ਕਥਾਕਾਰ ਹੋਏ ਨੇ। ਇਨ੍ਹਾਂ ਦੀਆਂ ਕਹਾਣੀਆਂ ਵਿਚ ਟੁੱਟ ਰਹੇ, ਤਿੜਕ ਰਹੇ, ਹਾਸ਼ੀਏ ਤੇ ਧੱਕ ਦਿੱਤੇ ਗਏ ਮਨੁੱਖ ਦੀ ਗੱਲ ਬੜੀ ਕੁਸ਼ਲਤਾ ਨੇ ਕੀਤੀ ਗਈ ਏ। ਮੈਂ ਇਨ੍ਹਾਂ ਕਹਾਣੀਆਂ ਵਿਚ ਮੁਸਲਿਮ ਸਮਾਜ ਦੀ ਨਾਰੀ ਦੇ ਅਨੇਕਾਂ ਰੂਪ ਵੇਖਦਾ ਹਾਂ। ਮੁਸਲਿਮ ਕਲਚਰ ਦੀਆਂ ਅਨੇਕਾਂ ਹੇਠਲੀਆਂ ਤੇ ਉਪਰਲੀਆਂ ਪਰਤਾਂ ਨੂੰ ਸਮਝਣ ਦਾ ਯਤਨ ਕਰਦਾ ਹਾਂ।

ਉਸ ਤੋਂ ਥੋੜ੍ਹਾ ਪਿੱਛੇ ਜਾਵਾਂ ਤਾਂ ਮੈਨੂੰ ਇਲਿਆਸ ਘੁੰਮਣ ਚੇਤੇ ਆਉਂਦਾ ਏ। ਇਕ ਵੇਲਾ ਸੀ ਉਸ ਦੀ ਕਹਾਣੀ ਨੂੰ ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਵਿਚ ਪ੍ਰਮੁੱਖਤਾ ਨਾਲ ਛਾਪਿਆ ਸੀ।ਉਹਦੇ ਨਾਲ ਨਾਲ ਪਾਕਿਸਤਾਨ ਦੀ ਵੱਡੇ ਕੱਦ ਦੀ ਕਥਾਕਾਰ ਅਫ਼ਜ਼ਲ ਤੌਸੀਫ਼ ਦੀ ਕਹਾਣੀ ਨੂੰ ਵੀ ਅੰਮ੍ਰਿਤਾ ਬੜੇ ਚਾਅ ਨਾਲ ਛਾਪਦੀ ਸੀ। ਇਨ੍ਹਾਂ ਦੋ ਕਥਾਕਾਰ ਨੇ ਮੁੱਢਲੀ ਪਾਕਿਸਤਾਨੀ ਕਹਾਣੀ ਦੇ ਨਕਸ਼ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਈ ਮੈਨੂੰ ਲੱਗਦੀ ਏ। ਇਨ੍ਹਾਂ ਦੋਹਾਂ ਦੀ ਕਹਾਣੀ ਵਿਚ ਸੰਤਾਲੀ ਦੀ ਵੰਡ ਦਾ ਦਰਦ ਥਾਂ ਥਾਂ ਡੁੱਲ੍ਹਦਾ ਵੇਖਿਆ ਜਾ ਸਕਦਾ ਏ।ਉਨ੍ਹਾਂ ਨੇ ਪੰਜਾਬੀਅਤ ਦੀ ਖ਼ੁਰ ਰਹੀ ਸਾਂਝ ਨੂੰ ਪ੍ਰਮੁੱਖਤਾ ਨਾਲ ਆਪਣੀ ਕਹਾਣੀ ਦੇ ਬਿਰਤਾਂਤ ਦਾ ਹਿੱਸਾ ਬਣਾਇਆ ਏ। ਇਹ ਉਥੋਂ ਦੀ ਕਹਾਣੀ ਨੂੰ ਵੱਖਰਾ ਧਰਾਤਲ ਦਿੰਦੇ ਨੇ। ਇਲਿਆਸ ਘੁੰਮਣ ਦੀਆਂ ਕਹਾਣੀਆਂ ਜਦੋਂ ‘ਨਾਗਮਣੀ’ ਵਿਚ ਛਪਦੀਆਂ ਸਨ ਤਾਂ ਓਸ ਵੇਲੇ ਅਸੀਂ ਪੜ੍ਹ ਕੇ ਆਪਸ ਵਿਚ ਗੱਲਾਂ ਦੇ ਢੇਰ ਲਾ ਦਿੰਦੇ ਸਾਂ। ਉਸ ਦੀਆਂ ਲੰਮੀਆਂ ਅਤੇ ਬਹੁ ਪਰਤੀ, ਬਹੁ ਅਰਥੀ ਕਹਾਣੀਆਂ ਨੇ ਉਸਨੂੰ ਵਿਲੱਖਣ ਪਛਾਣ ਵੀ ਦਿੱਤੀ। ਇਲਿਆਸ ਘੁੰਮਣ ਨੇ ਸੰਘਣੀ ਗੋਂਦ ਰਾਹੀ ਬਿੰਬ ਪ੍ਰਧਾਨ ਕਹਾਣੀ ਲਿਖ ਕੇ ਸਾਨੂੰ ਸੋਚਣ ਲਾ ਦਿੱਤਾ ਕਿ ਪਾਕਿ ‘ਚ ਵੀ ਚੰਗੀ ਕਹਾਣੀ ਲਿਖੀ ਜਾ ਰਹੀ ਏ। ਉਸ ਦੇ ਕਹਾਣੀ ਸੰਗ੍ਰਹਿ ‘ਪਿੰਡ ਦੀ ਲੱਜ’ ਨੇ ਸਾਡੇ ਏਧਰਲੇ ਚਿੰਤਕਾਂ ਨੂੰ ਪਾਕਿ ਕਥਾ ਦਾ ਮਾਡਲ ਨਿਰਧਾਰਤ ਕਰਨ ਲਈ ਮਜਬੂਰ ਕਰ ਦਿੱਤਾ। ਇਹਦੇ ਨਾਲ ਮਕਸੂਦ ਸਾਕਿਬ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।ਉਹਦੀ ਕਹਾਣੀ ਦੀ ਆਪਣੀ ਅਛੂਤੀ ਤਸੀਰ ਏ।

ਕਹਾਣੀਕਾਰ ਜਿੰਦਰ ਸਾਹਮੁੱਖੀ ਦੀ ਕਹਾਣੀ ਏਧਰ ਛਪਵਾਉਣ ‘ਚ ਪਿਛਲੇ ਲੰਮੇ ਸਮੇਂ ਤੋਂ ਉਪਰਾਲਾ ਕਰਦਾ ਆ ਰਿਹਾ ਏ। ਮਹਿੰਦਰ ਬੇਦੀ ਜੈਤੋ ਤੋਂ ਲਿੱਪੀਆਂਤਰ ਕਰਵਾ ਕੇ ਉਸ ਨੇ ਅਨੇਕਾਂ ਓਧਰਲੇ ਕਥਾਕਾਰ ਗੁਰਮੁੱਖੀ ਵਿਚ ਸਾਨੂੰ ਪੜ੍ਹਨ ਨੂੰ ਦਿੱਤੇ ਨੇ।ਖ਼ਾਲਿਦ ਫ਼ਰਹਾਦ ਧਾਰੀਵਾਲ ਪਾਕਿਸਤਾਨ ‘ਚ ਬੈਠਾ ਅਜਿਹਾ ਅਦਬੀ ਬੰਦਾ ਏ ਜਿਹਨੂੰ ਸ਼ਾਹਮੁੱਖੀ, ਗੁਰਮੁੱਖੀ ਤੇ ਹਿੰਦੀ-ਅੰਗਰੇਜ਼ੀ ‘ਚ ਬਰਾਬਰ ਦੀ ਕਮਾਂਡ ਏ। ਪਿਛਲੇ ਸਮੇਂ ਵਿਚ ਖ਼ਾਲਿਦ ਨੇ ਕਾਫੀ ਮਾਤਰਾ ਵਿਚ ਓਧਰਲੀ ਕਹਾਣੀ ਗੁਰਮੁੱਖੀ ‘ਚ ਲਿੱਪੀਆਂਤਰ ਕਰਕੇ ਸਾਨੂੰ ਪੜ੍ਹਨ ਨੂੰ ਦਿੱਤੀ ਏ। ਮੇਰੇ ਸਾਹਮਣੇ ਓਧਰਲਾ ਮੁੱਢਲਾ ਕਥਾਕਾਰ ਅਫ਼ਜ਼ਲ ਅਹਿਸਨ ਰੰਧਾਵਾ ਦੀਆਂ ਸਾਰੀਆਂ ਕਹਾਣੀਆਂ ਦਾ ਸੰਗ੍ਰਹਿ ‘ਬੰਦੇ ਖਾਣੀਆਂ’ ਪਿਆ ਏ। ਜਿਹਨੂੰ ਖ਼ਾਲਿਦ ਧਾਰੀਵਾਲ ਨੇ ਲਿੱਪੀਆਂਤਰ ਕੀਤਾ ਏ ਤੇ ਸੰਪਾਦਕ ਦਾ ਕਾਰਜ ਜਿੰਦਰ ਨੇ ਕੀਤਾ ਏ। ਇਹ ਬਹੁਤ ਵੱਡਾ ਕੰਮ ਏ। ਰੰਧਾਵਾ ਅਤੇ ਸਲੀਮ ਖ਼ਾਂ ਗਿੰਮੀ ਪਾਕਿ ਦੇ ਮੋਢੀ ਕਹਾਣੀਕਾਰ ਨੇ। ਜਦੋਂ ਮੈਂ ਇਨ੍ਹਾਂ ਦੋਹਾਂ ਦੀਆਂ ਕਹਾਣੀਆਂ ਪੜ੍ਹਦਾ ਹਾਂ ਤਾਂ ਮੇਰੇ ਮੋਹਰੇ ਇਨ੍ਹਾਂ ਦੀਆਂ ਕਹਾਣੀਆਂ ਦੇ ਸਿੱਖ ਜਾਂ ਗ਼ੈਰ ਮੁਸਲਿਮ ਪਾਤਰ ਆ ਖੜਦੇ ਨੇ। ਇਹ ਦੋਵੇਂ ਕਹਾਣੀਕਾਰ ਸਿੱਖੀ ਦੇ ਰਵਾਇਤੀ ਬਿੰਬ ਨੂੰ ਬੜੇ ਮਾਣ ਨਾਲ ਗਲੋਰੀਫਾਈ ਕਰਦੇ ਨੇ। ਰੰਧਾਵਾ ਪੰਜਾਬੀ ਬੰਦੇ ਦਾ ਬਿੰਬ ਅਣਖੀ, ਦਲੇਰ, ਹੌਸਲੇ ਵਾਲਾ, ਵੈਲ ਪੁਣਾ, ਜੀਣ-ਮਰਨ ਦੀ ਪਰਵਾਹ ਨਾ ਕਰਨ ਵਾਲਾ ਪੇਸ਼ ਕਰਦਾ ਏ। ਧਾਰਮਿਕ ਸਾਂਝੀਵਾਲਤਾ ਤੇ ਸਾਂਝ ਇਨ੍ਹਾਂ ਦੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਏ। ਕਿਤੇ ਕਿਤੇ ਉਹ ਸਮਾਜਿਕ ਸੱਚ ਨੂੰ ਇਕ ਪਾਸੇ ਰੱਖ ਕੇ ਯਥਾਰਥ ਵੱਲੋਂ ਯੂ ਟਰਨ ਲੈ ਲੈਂਦੇ ਨੇ।ਰੰਧਾਵਾਂ ਦੀ ਕਿਤਾਬ ‘ਰੰਨ, ਤਲਵਾਰ ਤੇ ਘੋੜਾ’ ਅਤੇ ਗਿੰਮੀ ਦੀ ਕਿਤਾਬ ‘ਖੁਸ਼ਬੋ’ ਦੀਆਂ ਕਹਾਣੀਆਂ ਨੂੰ ਏਧਰਲੇ ਪਾਠਕਾਂ ਨੇ ਬੜੇ ਚਾਅ ਨਾਲ ਪੜ੍ਹਿਆ ਏ। ਪ੍ਰੰਤੂ ਇਨ੍ਹਾਂ ਸੀਮਾਂਵਾ ਦੇ ਬਾਵਜੂਦ ਜਦੋਂ ਮੈਂ ਅਨਵਰ ਅਲੀ, ਮਕਸੂਦ ਸਾਕਿਬ, ਕਰਾਮਤ ਅਲੀ ਮੁਗ਼ਲ, ਤੌਕੀਰ ਚੁਗਤਾਈ, ਜ਼ੁਬੇਰ ਅਹਿਮਦ, ਆਗ਼ਾ ਅਲੀ ਮੁਦੱਸਰ ਤੇ ਖ਼ਾਲਿਦ ਧਾਰੀਵਾਲ ਦੀਆਂ ਕਹਾਣੀਆਂ ਪੜ੍ਹਦਾ ਹਾਂ ਤਾਂ ਮੈਨੂੰ ਵੱਖ ਵੱਖ ਜੈਂਡਰਾਂ ਵਾਲੇ ਪਾਤਰਾਂ ਦੀ ਮਾਨਸਿਕਤਾ ਦਾ ਗਹਿਰਾ ਵਿਸ਼ਲੇਸ਼ਣ ਕੀਤਾ ਮਿਲਦਾ ਏ। ਏਥੋਂ ਤੱਕ ਕਿ ਮੈਂ ਜਦੋਂ ਸ਼ਹਿਜ਼ਾਦ ਅਸਲਮ ਦਾ ਕਹਾਣੀ ਸੰਗ੍ਰਹਿ ‘ਦਰਿਆਵਾਂ ਦੇ ਹਾਣੀ’ ਜਿਸ ਨੂੰ ਖ਼ਾਲਿਦ ਫ਼ਰਹਾਦ ਧਾਰੀਵਾਲ ਨੇ ਲਿੱਪੀਆਂਤਰ ਕੀਤਾ ਏ ਤੇ ਏਜ਼ਾਜ਼ਾ ਦਾ ਕਹਾਣੀ ਸੰਗ੍ਰਹਿ ‘ਈਰਖਾ’ ਪੜ੍ਹਦਾ ਹਾਂ ਤਾਂ ਮੈਨੂੰ ਦੋਹਾਂ ਕਹਾਣੀਕਾਰਾਂ ਦੀ ਸਮਾਜ ਨੂੰ ਵੇਖਣ ਦੀ ਦ੍ਰਿਸ਼ਟੀ ਬਿਲਕੁਲ ਵੱਖਰੀ ਕਿਸਮ ਦੀ ਦਿਸਦੀ ਏ। ਸ਼ਹਿਜ਼ਾਦ ਅਸਲਮ ਦੇ ਪਾਤਰ ਨਵੇਂ ਉਸਰ ਰਹੇ ਪਾਕਿ ਦੇ ਲੋਕ ਨੇ। ਉਨ੍ਹਾਂ ਦੀਆਂ ਆਪਣੀਆਂ ਲੋੜਾਂ ਤੇ ਉਮੰਗਾ ਨੇ।ਉਹ ਪਾਤਰਾਂ ਦੀ ਗਹਿਰਾਈ ਨਾਲ ਉਸਾਰੀ ਕਰਦਾ ਏ।

ਸਾਡੇ ਏਧਰ ਫ਼ਰਖ਼ਂਦਾ ਲੋਧੀ ਦੀਆਂ ਕਹਾਣੀਆਂ ਦੀ ਗੱਲ ਬਹੁਤ ਘੱਟ ਹੋਈ ਏ। ਉਸ ਦੀਆਂ ਕਹਾਣੀ ਦੀ ਕਿਤਾਬ ‘ਚੰਨੇ ਦੇ ਓਹਲੇ ਅਤੇ ਹੋਰ ਕਹਾਣੀਆਂ’ ਨੂੰ ਜਦੋਂ ਮੈਂ ਪੜ੍ਹਿਆ ਤਾਂ ਮੈਨੂੰ ਸੰਤਾਲੀ ਦੀ ਵੰਡ ਦੀ ਨਵੇਂ ਜਾਵੀਏ ਤੋਂ ਸਮਝ ਲੱਗੀ। ਮੈਂ ਸੰਤਾਲੀ ਵਿਚ ਮੁਸਲਿਮ-ਸਿੱਖ ਤੇ ਹਿੰਦੂ ਸਮਾਜ ਨੂੰ ਉਹਦੀ ਅੱਖ ਰਾਹੀ ਸਮਝਣ ਲੱਗ ਪਿਆ। ਇਹੀ ਕਿਸੇ ਕਥਾਕਾਰ ਦੀ ਪ੍ਰਾਪਤ ਹੁੰਦੀ ਏ ਕਿ ਉਹ ਆਪਣੇ ਸਮੇਂ ਨੂੰ ਕਿਸ ਦ੍ਰਿਸ਼ਟੀ ਨਾਲ ਕਿੰਨੀ ਕੁ ਸਮਰੱਥਾ ਨਾਲ ਪੇਸ਼ ਕਰ ਜਾਂਦਾ ਏ। ਉਸ ਨੇ ਦੋਵੇਂ ਪੰਜਾਬਾਂ ਅਤੇ ਵਾਹਗਾ ਬਾਰਡਰ ਦੇ ਆਰ ਪਾਰ ਦੇ ਮਾਹੌਲ, ਵਸੇਬੇ ਨੂੰ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਪੱਖ ਤੋਂ ਨਿਰਪੱਖਤਾ ਨਾਲ ਬੜੀ ਬੇਬਾਕ ਹੋ ਕੇ ਦਲੇਰੀ ਨਾਲ ਪੇਸ਼ ਕੀਤਾ ਏ। ਅੱਗੇ ਫਿਰ ਮੈਂ ਪਰਵੀਨ ਮਲਿਕ ਦੀ ਕਿਤਾਬ ‘ਰੋਟੀ ਮੇਰੀ ਕਾਠ ਦੀ’ ਪੜ੍ਹਨੀ ਸ਼ੁਰੂ ਕੀਤੀ ਜਿਸ ਨੂੰ ਮਹਿੰਦਰ ਬੇਦੀ ਜੈਤੋ ਨੇ ਲਿੱਪੀਆਂਤਰ ਕੀਤਾ ਏ। ਪਰਵੀਨ ਮਲਿਕ ਵੱਖਰੀ ਤੇ ਉੱਚੇ ਦਰਜੇ ਵਾਲੀ ਕਲਾਸ ਵਿਚ ਵਿਚਰੀ ਏ। ਉਹਦੇ ਕੋਲ ਉਸ ਕਲਾਸ ਦਾ ਅਨੁਭਵ ਵੀ ਏ। ਇਸ ਅਨੁਭਵ ਨੂੰ ਉਸ ਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਏ। ਉਹਦੇ ਅਨੁਭਵ ਦਾ ਹਿੱਸਾ ਇਸ ਕਲਾਸ ਵਿਚ ਵਿਚਰਨ ਵਾਲੀ ਨਾਰੀ ਦਾ ਵੀ ਏ। ਪਰਵੀਨ ਆਪਣੀ ਕਹਾਣੀ ਦੇ ਬਿਰਤਾਂਤ ਰਾਹੀਂ ਸਮਕਾਲ ਦੀ ਰਾਜਨੀਤੀ ‘ਤੇ ਚਿਹਨਾ ਰਾਹੀਂ ਤਿੱਖਾ ਵਿਅੰਗ ਕਰਦੀ ਏ।

‘ਪੰਚਮ’ ਪਰਚੇ ਦਾ ਸੰਪਾਦਕ ਮਕਸੂਦ ਸਾਕਿਬ ਆਪਣੀ ਕਹਾਣੀ ਵਿਚ ਉਨ੍ਹਾਂ ਪਾਤਰਾਂ ਅਤੇ ਘਟਨਾਵਾਂ ਦੇ ਬਿਰਤਾਂਤ ਨੂੰ ਲੈ ਕੇ ਆਉਂਦਾ ਏ ਜਿਨ੍ਹਾਂ ਵੱਲ ਸਹਿਜੇ ਕੀਤੇ ਕਿਸੇ ਕਥਾਕਾਰ ਦੀ ਨਜ਼ਰ ਨਹੀਂ ਜਾਂਦੀ। ਸਾਕਿਬ ਹੱਥੀ ਕਿਰਤ ਕਰਨ ਵਾਲੇ ਲੋਕਾਂ ਦੀ ਮਾਸੂਮੀਅਤ, ਨਿੱਘ ਨੂੰ ਪੇਸ਼ ਕਰਦਾ ਏ। ਮਨੁੱਖ ਦੀਆਂ ਲਾਲਸਾਵਾਂ, ਕਮੀਨਗੀਆਂ, ਨਿੱਜਵਾਦੀ ਰੁਚੀਆਂ ਉਹਦੀ ਕਹਾਣੀ ਦੀ ਅਹਿਮ ਕੜੀ ਏ। ਅਣਵੰਡੇ ਪੰਜਾਬ ਦੇ ਪਾਤਰ ਉਹਦੀ ਕਹਾਣੀ ‘ਚ ਆਜ਼ਾਦੀ ਨਾਲ ਉਸਰਦੇ ਨੇ। ਅਨਵਰ ਅਲੀ ਨੇ ਆਪਣੀਆਂ ਕਹਾਣੀਆਂ ‘ਚ ਮੁਸਲਿਮ ਸੱਭਿਆਚਾਰ ‘ਚ ਫੈਲੇ ਅਡੰਬਰ ਮਜ੍ਹਬੀ ਕੱਟੜਤਾ, ਦੇਸ਼ ਵੰਡ ਦੀ ਪੀੜ, ਵੱਖ ਵੱਖ ਧਰਮ ਦੇ ਪਾਤਰਾਂ ਦੀ ਅੰਦਰੂਨੀ ਵੇਦਨਾ ਨੂੰ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਏ। ਤੌਕੀਰ ਚੁਗਤਾਈ ਨਿੱਕੀ ਹੁਨਰੀ ਕਹਾਣੀ ਕਹਿਣ ਦਾ ਮਾਹਰ ਏ।

‘ਢਾਹ ਲੱਗੀ ਬਸਤੀ’ (ਮਲਿਕ ਮਿਹਰ ਅਲੀ), ‘ਤਲਾਕ’ (ਜਮੀਲ ਅਹਮਦ ਪਾਲ), ‘ਹਮਜ਼ਾਦ’ (ਸਾਬਿਰ ਅਲੀ ਸਾਬਿਰ), ‘ਲੁਟੇਰੀ ਵੈਸ਼ਯਾ’ (ਮਸਊਦ ਚੌਧਰੀ) ਆਦਿ ਕਹਾਣੀਆਂ ਦੀਆਂ ਕਿਤਾਬਾਂ ਵੀ ਓਧਰਲੇ ਪਾਕਿਸਤਾਨ ਦੇ ਲੋਕਾਂ ਦੇ ਦਰਦਾਂ, ਖਾਹਿਸ਼ਾ ਅਤੇ ਤ੍ਰਿਪਤੀਆਂ-ਅਤ੍ਰਿਪਤੀਆਂ, ਵੇਦਨਾਵਾਂ, ਸੰਵੇਦਨਾਵਾਂ ਦੀ ਥਾਹ ਪਾਉਂਦੀਆਂ ਹਨ। ਨੈਣ ਸੁੱਖ ਦੀਆਂ ਦੋ ਕਿਤਾਬਾਂ ‘ਆਈ ਪੁਰੇ ਦੀ ਵਾਅ ਤੇ ‘ਜੋਗੀ ਸੱਪ ਤਰਾਹ ਬਿਲਕੁਲ ਵੱਖਰੀ ਧਰਾਤਲ ਦੀਆਂ ਕਹਾਣੀਆਂ ਦੀ ਬਾਤ ਪਾਉਂਦੀਆਂ ਨੇ।ਉਸ ਨੇ ਪਾਕਿਸਤਾਨੀ ਕਹਾਣੀ ਵਿਚ ਨਿਵੇਕਲੇ ਬਿਰਤਾਂਤ ਰਾਹੀਂ ਡੈਂਟ ਪਾਇਆ ਏ।

ਸਮਕਾਲ ਵਿਚ ਪਰਮਜੀਤ ਸਿੰਘ ਮੀਸ਼ਾ, ਜੋਗਿੰਦਰਪਾਲ ਮਾਨ, ਖ਼ਾਲਿਦ ਫ਼ਰਹਾਦ ਧਾਰੀਵਾਲ ਤੇ ਮਹਿੰਦਰ ਬੇਦੀ ਜੈਤੋ ਵਰਗੇ ਸਿਰੜੀ ਲੋਕ ਓਧਰਲੀ ਕਹਾਣੀ ਨੂੰ ਲਿੱਪੀਆਂਤਰ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਨੇ। ਇਹ ਲੋਕ ਇਕ ਪੁਲ ਦਾ ਕੰਮ ਕਰਦੇ ਪਏ ਨੇ।