ਸਾਹਿਤ ਬਹੁਤ ਠੰਢਾ ਤੇ ਸਬਰ ਵਾਲਾ ਕੰਮ ਏ - ਸ਼ਹਿਜ਼ਾਦ ਅਸਲਮ
? ਜੇ ਮੈਂ ਆਪਣੇ ਸੋਚਾਂ ਦੇ ਘੋੜੇ ਦੌੜਾਵਾਂ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਅਜਿਹੇ ਪਹਿਲੇ ਲੇਖਕ ਹੋ, ਜੋ ਕਿਸੇ ਅਦਾਲਤ ਵਿੱਚ ਜੱਜ ਦੀ ਪਦਵੀ ’ਤੇ ਲੱਗੇ ਹੋ। ਕਿੱਥੋਂ ਗੱਲਬਾਤ ਸ਼ੁਰੂ ਕਰੀਏ ? ਚਲੋ, ਤੁਹਾਡੀ ਮੁੱਢਲੀ ਜ਼ਿੰਦਗੀ ਤੋਂ ਸ਼ੁਰੂ ਕਰਦੇ ਹਾਂ। ਆਪਣੇ ਬਚਪਨ ਤੇ ਤਾਲੀਮ ਬਾਰੇ ਦੱਸੋ।
– ਗੁੱਜਰਾਂਵਾਲਾ ਡਵੀਜ਼ਨ ਦੇ ਜ਼ਿਲ੍ਹਾ ਹਾਫ਼ਿਜ਼ ਆਬਾਦ ਦੇ ਇੱਕ ਨਿੱਕੇ ਜਿਹੇ ਪਿੰਡ ਚੱਕ ਗ਼ਾਜ਼ੀ ਵਿੱਚ ਮੇਰਾ ਜਨਮ ਹੋਇਆ। ਮੈਂ ਆਪਣੇ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹਾਂ। ਮਾਂ-ਪਿਓ ਦੋਵੇਂ ਈ ਅਨਪੜ੍ਹ ਸਨ ਪਰ ਮੈਨੂੰ ਪੜ੍ਹਾਉਣ ਦਾ ਉਨ੍ਹਾਂ ਨੂੰ ਬੜਾ ਚਾਅ ਸੀ। ਪੰਜਵੀਂ ਤੱਕ ਆਪਣੇ ਪਿੰਡ ਈ ਪੜ੍ਹਿਆ, ਮਗਰੋਂ ਮਿਡਲ, ਇੱਕ ਹੋਰ ਪਿੰਡ ਦੇ ਸਕੂਲ ਤੋਂ ਅਤੇ ਮੈਟਿ੍ਰਕ ਅੱਗੋਂ ਤੀਜੇ ਪਿੰਡੋਂ ਕੀਤਾ। ਅੱਗੋਂ ਮੈਂ ਗੌਰਮਿੰਟ ਕਾਲਜ ਗੁੱਜਰਾਂਵਾਲਾ ਵਿੱਚ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਦਾਖ਼ਲਾ ਲੈ ਲਿਆ। ਕਿਸਾਨਾਂ ਦੇ ਘਰਾਂ ਵਿੱਚ ਪੈਸੇ ਕਿੱਥੇ ਹੁੰਦੇ ਸਨ। ਮੈਂ ਉਦੋਂ ਇੰਜੀਨੀਅਰ ਬਣਨਾ ਚਾਹੁੰਦਾ ਸੀ। ਮੈਂ ਐਫ਼. ਏਸ. ਸੀ. ਤੇ ਫ਼ਿਰ ਬੀ. ਏਸ. ਸੀ. ਕਰ ਲਈ ਪਰ ਇੰਜੀਨੀਅਰਿੰਗ ਯੂਨੀਵਰਸਿਟੀ ਦਾ ਮੈਰਿਟ ਨਾ ਬਣਿਆ। ਮੈਂ ਸਾਇੰਸ ਤੋਂ ਤੰਗ ਆ ਗਿਆ ਸਾਂ ਤੇ ਹੁਣ ਵਕੀਲ ਬਣਨ ਦਾ ਸੋਚ ਲਿਆ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਲ. ਐਲ. ਬੀ. ਕਰ ਕੇ ਮੈਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਅਜੇ ਪ੍ਰੈਕਟਿਸ ਕਰਦਿਆਂ ਇੱਕ ਸਾਲ ਈ ਹੋਇਆ ਸੀ ਕਿ ਸਿਵਲ ਜੱਜ ਦੀਆਂ ਸੀਟਾਂ ਆ ਗਈਆਂ। ਮੁਕਾਬਲੇ ਦਾ ਇਮਤਿਹਾਨ ਦੇ ਕੇ ਮੈਂ ਜੱਜ ਬਣ ਗਿਆ। ਮੈਂ ਆਪਣੇ ਪਿੰਡ ਦਾ ਪਹਿਲਾ ਲਾਅ ਗ੍ਰੈਜੂਏਟ ਸੀ। ਨੌਕਰੀ ਵਿੱਚ ਅੱਧਾ ਪੰਜਾਬ ਤਾਂ ਫਿਰ ਲਿਆ ਏ ਤੇ ਹਾਲੀਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਥਾਵਾਂ ਵੇਖਣੀਆਂ ਨੇ। ਮੈਟਿ੍ਰਕ ਕਰਨ ਤੋਂ ਬਾਅਦ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ, ਉਹ ਅੱਜ ਵੀ ਚਲਦਾ ਪਿਆ ਏ। ਮੇਰੀ ਹਯਾਤੀ ਇੱਕ ਮੁਸਾਫ਼ਰ ਦੀ ਹਯਾਤੀ ਏ। ਗੁੱਜਰਾਂਵਾਲਾ ਕਾਲਜ ਵਿੱਚ ਦਾਖ਼ਲਾ ਲੈਣ ਦਾ ਫ਼ੈਸਲਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਏ। ਮੇਰਾ ਪੜ੍ਹ ਜਾਣਾ ਵੀ ਹੁਣ ਇੱਕ ਮੋਜਿਜ਼ਾ ਈ ਲੱਗਦਾ ਏ ਕਿਉਜੋ ਮੇਰੇ ਕਲਾਸਫ਼ੈਲੋ ਰਾਹ ਵਿੱਚ ਈ ਕਿਰਦੇ ਗਏ। ਫ਼ਿਕਸ਼ਨ ਨੇ ਵੀ ਮੇਰੀ ਹਯਾਤੀ ਬਦਲ ਦਿੱਤੀ ਏ। ਇਹ ਮੇਰਾ ਦੂਜਾ ਟਰਨਿੰਗ ਪੁਆਇੰਟ ਏ। ਵਿਆਹ ਵੀ ਹੋਇਆ ਤੇ ਚਾਰ ਬਾਲਾਂ ਦਾ ਪਿਓ ਹਾਂ। ਅੱਜ ਕੱਲ੍ਹ ਮੈਂ ਪਹਿਲੀ ਅਦਾਲਤ ਅਪੀਲ ਦੇ ਜੱਜ ਦੇ ਤੌਰ ’ਤੇ ਕੰਮ ਕਰ ਰਿਹਾ ਹਾਂ।
? ਤੁਹਾਡਾ ਕਿੱਤਾ ਬੜਾ ਗੰਭੀਰ ਹੈ। ਕਿੱਥੇ ਕਾਨੂੰਨ ਦੀ ਪੜ੍ਹਾਈ। ਇੱਕ ਕਿਸਮ ਦੀ ਮੱਥਾ-ਪੱਚੀ। ਕਿਸੇ ਇੱਕ ਕੇਸ ਦਾ ਫ਼ੈਸਲਾ ਕਰਨ ਲੱਗਿਆਂ/ ਦੇਣ ਲੱਗਿਆਂ ਬੜਾ ਸੁਚੇਤ ਹੋਣਾ ਪੈਂਦਾ ਹੈ। ਸਾਹਿਤ ਹੋਇਆ ਰੂਹ ਦੀ ਖ਼ੁਰਾਕ। ਜ਼ਿੰਦਗੀ ਨੂੰ ਵੱਖਰੀ ਤਰ੍ਹਾਂ ਸੋਚਣ ਦਾ ਨਜ਼ਰੀਆ। ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਬਹੁਤ ਪੜ੍ਹਦੇ ਹੋ। ਮੁੱਢਲੇ ਦੌਰ ਵਿੱਚ ਕਿਹੜੀਆਂ-ਕਿਹੜੀਆਂ ਕਿਤਾਬਾਂ ਜਾਂ ਲੇਖਕਾਂ ਨੂੰ ਪੜ੍ਹਿਆ।
– ਬਾਲਪੁਣੇ ਵਿੱਚ ਪੜ੍ਹਨ ਲਈ ਜਾਸੂਸੀ ਤੇ ਮਹੀਨਾਵਾਰ ਖ਼ਵਾਤੀਨ ਡਾਇਜਸਟ ਲੱਭ ਜਾਂਦੇ ਸਨ ਪਰ ਕੋਈ ਨਾਵਲ ਜਾਂ ਕਹਾਣੀਆਂ ਨਹੀਂ ਲੱਭਦੀਆਂ ਸਨ। ਪਿੰਡ ਵਿੱਚ ਕੋਈ ਇਹ ਪੜ੍ਹਦਾ ਨਹੀਂ ਸੀ ਤਾਂ ਮੈਨੂੰ ਨਾਵਲ ਕਿੱਥੋਂ ਲੱਭਦਾ। ਦਸਵੀਂ ਵਿੱਚ ਮੈਂ ਨਸੀਮ ਹੱਜਾਜ਼ੀ ਦੇ ਨਾਵਲਾਂ ਦਾ ਸੁਣਿਆ। ਫ਼ਸਟ ਇਅਰ ਵਿੱਚ ਇੰਜੀਨੀਅਰ ਬਣਨ ਲਈ ਮੈਂ ਸਾਇੰਸ ਸਬਜੈੱਕਟ ਰੱਖ ਲਏ, ਵੇਲਾ ਈ ਨਾ ਮਿਲਦਾ ਕੁੱਝ ਹੋਰ ਪੜ੍ਹਨ ਲਈ। ਫ਼ਸਟ ਇਅਰ ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਤਾਂ ਗੌਰਮਿੰਟ ਕਾਲਜ ਗੁੱਜਰਾਂਵਾਲਾ ਦੇ ਹੋਸਟਲ ਦੇ ਨਾਲ ਸੇਟਲਾਇਟ ਟਾਊਨ ਮਾਰਕੀਟ ਵਿੱਚ ਕਿਤਾਬਾਂ ਕਿਰਾਏ ਉੱਤੇ ਲੱਭਦੀਆਂ ਸਨ। ਮੈਂ ਇੱਕ ਮਹੀਨੇ ਵਿੱਚ ਨਸੀਮ ਹੱਜਾਜ਼ੀ ਦੇ ਪੰਜ-ਛੇ ਨਾਵਲ ਪੜ੍ਹ ਛੱਡੇ। ਫ਼ਿਰ ਮੈਨੂੰ ਫ਼ੋਰਥ ਇਅਰ ਵਿੱਚ ਕੁੱਝ ਪੜ੍ਹਨ ਨੂੰ ਮਿਲਿਆ। ਕੁਦਰਤੀ ਤੌਰ ’ਤੇ ਮੇਰੇ ਹੱਥ ਬਾਨੋ ਕੁਦਸੀਆ ਦਾ ਨਾਵਲ ‘ਰਾਜਾ ਗਿੱਧ’ ਲੱਗਿਆ ਤੇ ਮੈਨੂੰ ਪਤਾ ਚੱਲਿਆ ਕਿ ਕਹਾਣੀ ਹੁੰਦੀ ਕੀ ਏ। ਉਸ ਸਮੇਂ ਸਾਡੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਇਸ ਨਾਵਲ ਦੀ ਬੜੀ ਧੁੰਮ ਸੀ। ਇਹ ਨਾਵਲ ਪਾਠਕਾਂ ਉੱਤੇ ਅਸਰ ਜ਼ਰੂਰ ਕਰਦਾ ਏ। ਮੁਮਤਾਜ਼ ਮੁਫ਼ਤੀ ਦੇ ਨਾਵਲ ‘ਅਲੀ ਪੁਰ ਕਾ ਐਲੀ’ ਦਾ ਵੀ ਚਰਚਾ ਸੀ। ਮੇਰਾ ਅਸਲੀ ਸਾਹਿਤਿਕ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਯੂਨੀਵਰਸਿਟੀ ਲਾਅ ਕਾਲਜ ਵਿੱਚ ਮੈਂ ਦਾਖ਼ਲਾ ਲੈ ਲਿਆ। ਲਾਹੌਰ ਸ਼ਹਿਰ ਨੇ ਮੈਨੂੰ ਆਲਮੀ ਅਦਬ ਨਾਲ਼ ਜੋੜ ਦਿੱਤਾ। ਓਥੇ ਜਿਹੜਾ ਪਹਿਲਾ ਨਾਵਲ ਮੈਂ ਪੜ੍ਹਿਆ ਉਹ ਫ਼ਿਓਦਰ ਦਾਸਤੋਵਸਕੀ ਦਾ ‘ਅਪਰਾਧ ਅਤੇ ਦੰਡ’ ਸੀ। ਇਹ ਪੜ੍ਹ ਕੇ ਮੈਨੂੰ ਲੱਗਾ ਕਿ ਪਹਿਲਾਂ ਜੋ ਵੀ ਪੜ੍ਹਿਆ ਹੈ ਉਹ ਇਹਦੇ ਸਾਹਮਣੇ ਹੀਣਾ ਏ। ਯੂਨੀਵਰਸਿਟੀ ਦੇ ਵੇਲੇ ਮੈਂ ਰੂਸੀ ਤੇ ਫ਼ਰਾਂਸੀਸੀ ਲਿਖਾਰੀਆਂ ਦੇ ਕੁੱਝ ਨਾਵਲ ਪੜ੍ਹਨ ਦੇ ਨਾਲ਼ ਮੰਟੋ, ਬੇਦੀ, ਗ਼ੁਲਾਮ ਅੱਬਾਸ, ਕੁਰੱਤੁਲਐਨ ਹੈਦਰ ਨੂੰ ਵੀ ਪੜ੍ਹ ਲਿਆ। ਇਹਦੇ ਨਾਲ ਈ ਪਸੰਦ ਤੇ ਨਾਪਸੰਦ ਦਾ ਰੌਲ਼ਾ ਸ਼ੁਰੂ ਹੋ ਗਿਆ। ‘ਅਪਰਾਧ ਅਤੇ ਦੰਡ’ ਤੋਂ ਬਾਅਦ ਦੂਜਾ ਨਾਵਲ ਜਿਸ ਮੈਨੂੰ ਨਵੀਂ ਰਾਹ ਵਿਖਾਈ, ਉਹ ਚਿਨੁਆ ਅਚੇਬੇ ਦਾ ‘ਥਿੰਗਜ਼ ਫ਼ਾਲ ਅਪਾਰਟ’ ਸੀ। ਇਹ ਨਾਵਲ ਮੈਂ 2015 ਵਿੱਚ ਪੜ੍ਹਿਆ ਜਦੋਂ ਮੇਰੀ ਨੌਕਰੀ ਲਾਹੌਰ ਸੀ। ਅਫ਼ਰੀਕਾ ਤੇ ਏਸ਼ੀਆ ਵਿੱਚ ਸਾਮਰਾਜਵਾਦ ਦੇ ਸੱਪ ਬਾਰੇ ਇਸ ਨਾਵਲ ਨੇ ਮੇਰਾ ਧਿਆਨ ਵਟਾਇਆ ਤੇ ਆਪਣੇ ਅੱਜ ਦੇ ਸਮਾਜ ਦੀ ਕੁੱਝ-ਕੁੱਝ ਸਮਝ ਆਉਣੀ ਸ਼ੁਰੂ ਹੋਈ। ਇਸ ਹਵਾਲੇ ਨਾਲ ਨੀਰਦ ਚੰਦਰ ਚੌਧਰੀ ਤੇ ਰਣਜੀਤ ਗੁਹਾ ਦੀਆਂ ਨਾਨ-ਫ਼ਿਕਸ਼ਨ ਕਿਤਾਬਾਂ ਮੇਰੇ ਉੱਤੇ ਗੂੜ੍ਹਾ ਅਸਰ ਛੱਡਿਆ। ਮੇਰੇ ਪਾਠਕ ਹੋਣ ਦਾ ਤੀਜਾ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਲਾਤੀਨੀ ਅਮਰੀਕਾ ਤੇ ਜਰਮਨ ਸਾਹਿਤ ਵੱਲ ਨਿਗਾਹ ਮਾਰੀ। ਰੋਬਰਟ ਮੋਜ਼ੀਲ ਤੇ ਟਾਮਸ ਮਾਨ ਦੇ ਨਾਵਲਾਂ ਨੇ ਮੈਨੂੰ ਨਵੀਂ ਲੀਹੇ ਚਾੜ੍ਹ ਦਿੱਤਾ। ਲਾਤੀਨੀ ਅਮਰੀਕਾ ਦੇ ਜੂਲੀਓ ਕੋਰਟਾਜ਼ਰ, ਮਾਰੀਓ ਵਾਰਗਾਸ ਯੋਸਾ, ਹੋਰਹੇ ਲੂਈਸ ਬੋਰਹੇਸ, ਅਲੇਖ਼ਾਂਦਰੋ ਜ਼ਾਮਬਰਾ, ਵਲੇਰੀਆ ਲੁਈਸਿੱਲਿ ਤੇ ਰੋਬਰਤੋ ਬੋਲਾਨੋ ਮੈਨੂੰ ਚੰਗੇ ਲੱਗੇ। ਰੋਬਰਤੋ ਬੋਲਾਨੋ ਦਾ ਨਾਵਲ ‘2666’ ਬਹੁਤ ਵਧੀਆ ਤੇ ਗੁੰਦਿਆ ਹੋਇਆ ਏ। ਇਸ ਸਦੀ ਦੇ ਵੱਡੇ ਨਾਵਲਾਂ ਵਿੱਚ ਉਹਨੂੰ ਗਿਣਿਆ ਜਾਵੇਗਾ।
? ਕਹਾਣੀਆਂ ਲਿਖਣ ਪਿੱਛੇ ਵੀ ਕੋਈ ਘਟਨਾ ਸੀ? ਕਿਤੇ ਕਿਸੇ ਮੁਟਿਆਰ ਦੇ ਇਸ਼ਕ ਨੇ ਸਾਹਿਤ ਵੱਲ ਤਾਂ ਨਹੀਂ ਤੋਰਿਆ। ਜੁਆਨੀ ਵਿੱਚ ਐਦਾਂ ਹੁੰਦਾ ਹੈ, ਕਿਸੇ ਨੂੰ ਕੋਈ ਕੁੜੀ ਸੋਹਣੀ ਲੱਗਣ ਲੱਗਦੀ ਹੈ। ਅਸੀਂ ਉਸ ਦੀ ਤਾਂਘ ਵਿੱਚ ਕਵਿਤਾ ਲਿਖਣ ਲੱਗਦੇ ਹਾਂ। ਉਹ ਕਿਹੜੀਆਂ ਪ੍ਰਸਥਿਤੀਆਂ ਸਨ, ਜਿਨ੍ਹਾਂ ਨੇ ਤੁਹਾਨੂੰ ਇਸ ਪਾਸੇ ਤੋਰਿਆ।
– ਮੈਂ ਪਹਿਲੀ ਵਾਰ ਕਾਗ਼ਜ਼ ਉੱਤੇ ਸ਼ਬਦਾਂ ਦੇ ਰੰਗ ਭਰਨ ਦੀ ਕੋਸ਼ਿਸ਼ ਦਸਵੀਂ ਦਾ ਇਮਤਿਹਾਨ ਦੇਣ ਤੋਂ ਬਾਅਦ ਕੀਤੀ। ਮੈਂ ਉਸ ਲਿਖਤ ਨੂੰ ਲੁਕਾਉਦਾ ਵੀ ਰਿਹਾ ਤੇ ਦਿਲ ਅੰਦਰ ਇਹ ਸੱਧਰ ਵੀ ਸੀ ਕਿ ਕੋਈ ਇਹਨੂੰ ਪੜ੍ਹੇ। ਉਹ ਕੋਈ ਫ਼ਿਕਸ਼ਨ ਨਹੀਂ ਸੀ ਸਗੋਂ ਡਾਇਰੀ ਵਰਗੀ ਕੋਈ ਸ਼ੈ ਸੀ, ਜਿਹਦੇ ਵਿੱਚ ਹਯਾਤੀ ਨੂੰ ਉਸ ਬੂਟੇ ਵਾਂਗੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਚਾਰੇ ਪਾਸਿਉ ਕੰਡਿਆਂ ਵਿੱਚ ਘਿਰਿਆ ਹੋਇਆ ਏ। ਤਕਦੀਰ ਦੇ ਸਵਾਲ ਨੇ ਮੈਨੂੰ ਉਦੋਂ ਤੋਂ ਈ ਤੰਗ ਕੀਤੀ ਰੱਖਿਆ ਏ। ਫ਼ਿਰ ਮੈਂ ਸੈਕੰਡ ਇਅਰ ਵਿੱਚ ਦੂਜੀ ਕੋਸ਼ਿਸ਼ ਕੀਤੀ ਪਰ ਛੇਤੀ ਈ ਸਾਇੰਸ ਦੀਆਂ ਕਿਤਾਬਾਂ ਪਿੱਛੇ ਲੱਗ ਕੇ ਲਿਖਣਾ ਛੱਡ ਦਿੱਤਾ। ਮੈਂ ਕਵਿਤਾ ਲਿਖਣ ਦਾ ਵੀ ਜਤਨ ਕੀਤਾ ਪਰ ਮੈਨੂੰ ਚਾਨਣ ਹੋ ਗਿਆ ਕਿ ਇਹ ਕੰਮ ਮੇਰੇ ਵਸੋਂ ਬਾਹਰਾ ਏ। ਤੀਜੀ ਕੋਸ਼ਿਸ਼ ਮੈਂ ਪੰਜਾਬ ਯੂਨੀਵਰਸਿਟੀ ਲਾਅ ਕਾਲਜ ਵਿੱਚ ਆਪਣਾ ਦਾਖ਼ਲਾ ਹੋਣ ਪਿੱਛੋਂ ਕੀਤੀ। ਮੈਨੂੰ ਫ਼ਿਕਸ਼ਨ, ਫ਼ਲਸਫ਼ਾ ਤੇ ਤਾਰੀਖ਼ ਪੜ੍ਹਨਾ ਚੰਗਾ ਲੱਗਦਾ ਸੀ। ਉਦੋਂ ਮੈਂ ਪਹਿਲੀ ਵਾਰੀ ਕਹਾਣੀ ਲਿਖਣ ਬੈਠਾ। ਉਹ ਕਹਾਣੀ ਮੇਰੀ ਆਪਣੀ ਹਯਾਤੀ ਦੇ ਕਿਸੇ ਪੱਖ ਉੱਤੇ ਸੀ। ਜਦੋਂ ਮੇਰੇ ਰੂਮਮੇਟ ਨੇ ਉਹ ਪੜ੍ਹੀ ਤਾਂ ਆਖਣ ਲੱਗਾ ਕਿ ਇਹਦਾ ਮੁੱਖ ਪਾਤਰ ਤੇ ਲਿਖਾਰੀ ਆਪ ਈ ਏ। ਮੈਨੂੰ ਇੰਝ ਲੱਗਾ ਜਿਵੇਂ ਕਿਸੇ ਮੇਰੀ ਚੋਰੀ ਫੜ ਲਈ ਹੋਵੇ। ਮੈਂ ਲਿਖਣਾ ਛੱਡ ਕੇ ਪੜ੍ਹਨ ਵੱਲ ਲੱਗ ਗਿਆ। ਅਖ਼ੀਰ 2015 ਵਿੱਚ ਮੇਰੀ ਮੁਲਾਕਾਤ ਟੀਪੂ ਸਲਮਾਨ ਮਖ਼ਦੂਮ ਨਾਲ਼ ਲਾਹੌਰ ਹਾਈਕੋਰਟ ਦੇ ਨੇੜੇ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ। ਉਦੋਂ ਮੇਰੀ ਪੋਸਟਿੰਗ ਵੀ ਲਾਹੌਰ ਸੀ। ਅਸੀਂ ਜਦੋਂ ਵੀ ਮਿਲਦੇ, ਸਾਡੀ ਕਿਤਾਬਾਂ ਉੱਤੇ ਈ ਗੱਲ-ਬਾਤ ਹੁੰਦੀ। ਉਹ ਆਪ ਵੀ ਬਹੁਤ ਪੜ੍ਹੇ ਲਿਖੇ, ਸੂਝਵਾਨ ਤੇ ਖੁੱਲ੍ਹੇ ਦਿਲ ਦੇ ਬੰਦੇ ਨੇ। ਮੈਨੂੰ ਉਨ੍ਹਾਂ ਨੇ ਲਿਖਣ ਵੱਲ ਲਾਇਆ। ਅਸਾਂ ਰਲ਼ ਕੇ ਕਾਨੂੰਨ ਦੀ ਇੱਕ ਕਿਤਾਬ ‘ਨਿਜ਼ਾਮ-ੲ-ਕਾਨੂੰਨ’ ਲਿਖੀ। ਫ਼ਿਰ ਟੀਪੂ ਹੋਰਾਂ ਮੈਨੂੰ ਫ਼ਿਕਸ਼ਨ ਲਿਖਣ ਦਾ ਆਖਿਆ। ਮੈਂ ਝੱਕਦਾ ਸਾਂ। ਮੈਨੂੰ ਲੱਗਦਾ ਸੀ ਕਿ ਇਹ ਕੰਮ ਮੇਰੇ ਕੋਲੋਂ ਨਹੀਂ ਹੋਣਾ। ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਟੀਪੂ ਜੀ ਸੁਪਰੀਮ ਕੋਰਟ ਦੇ ਵਕੀਲ ਨੇ ਤੇ ਅੱਜ ਕੱਲ੍ਹ ਐਡੀਸ਼ਨਲ ਐਡਵੋਕੇਟ ਜਨਰਲ ਲਾਹੌਰ ਨੇ। ਖ਼ੈਰ, ਉਨ੍ਹਾਂ ਮੈਨੂੰ ਪੰਜਾਬੀ ਵਿੱਚ ਲਿਖਣ ਵੱਲ ਲਾ ਦਿੱਤਾ। ਅਸੀਂ ਪੰਜਾਬੀ ਲਿਖਾਰੀਆਂ ਨੂੰ ਮਿਲਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਨੈਣ ਸੁੱਖ ਨੂੰ ਮਿਲੇ। ਉਹ ਵੀ ਵਕਾਲਤ ਕਰਦੇ ਰਹੇ ਸਨ। ਨੈਣ ਸੁੱਖ ਤੇ ਜ਼ੁਬੈਰ ਅਹਿਮਦ ਲਾਹੌਰ ਵਿੱਚ ਈ ਰਹਿੰਦੇ ਨੇ ਤੇ ਆਪਸ ਵਿੱਚ ਗੂੜ੍ਹੇ ਯਾਰ ਵੀ ਨੇ। ਇਹ ਦੋਨੋਂ ਦੋ-ਦੋ ਵਾਰੀ ਢਾਹਾਂ ਦਾ ਇਨਾਮ ਵੀ ਜਿੱਤ ਚੁੱਕੇ ਨੇ। ਮੇਰੀ ਤੇ ਟੀਪੂ ਦੀ ਜ਼ੁਬੈਰ ਅਹਿਮਦ, ਨਸੀਰ ਅਹਿਮਦ, ਜਮੀਲ ਅਹਿਮਦ ਪਾਲ, ਨਵੀਦ ਅਹਿਮਦ, ਕਰਾਮਤ ਅਲੀ ਮੁਗ਼ਲ, ਇਜਾਜ਼, ਮਕਸੂਦ ਸਾਕਿਬ, ਇੱਕਬਾਲ ਕੈਸਰ ਤੇ ਪੰਜਾਬੀ ਦੇ ਹੋਰ ਲਿਖਾਰੀਆਂ ਨਾਲ਼ ਵੀ ਮੇਲ ਮੁਲਾਕਾਤ ਹੋਈ। ਸੱਚ ਆਖਾਂ ਤਾਂ ਮੈਂ ਪੰਜਾਬੀ ਦੀ ਸੇਵਾ ਲਈ ਲਿਖਣਾ ਸ਼ੁਰੂ ਨਹੀਂ ਸੀ ਕੀਤਾ ਸਗੋਂ ਇਹ ਮੇਰੀ ਮਾਂ ਬੋਲੀ ਸੀ ਤੇ ਇਹਦੇ ਵਿੱਚ ਲਿਖਣਾ ਮੈਨੂੰ ਸੌਖਾ ਲੱਗਾ। ਜਦੋਂ ਲਿਖਣਾ ਸ਼ੁਰੂ ਕੀਤਾ ਤੇ ਫ਼ਿਰ ਮੁੜ ਕੇ ਨਹੀਂ ਵੇਖਿਆ। 2020 ਵਿੱਚ ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਵਾਵਰੋਲੇ’ ਛਪਿਆ। ਅਗਲੇ ਸਾਲ 2021 ਵਿੱਚ ਕਹਾਣੀਆਂ ਦੀ ਮੇਰੀ ਦੂਜੀ ਕਿਤਾਬ ‘ਦਰਿਆਵਾਂ ਦੇ ਹਾਣੀ’ ਛਾਪੇ ਚੜ੍ਹੀ। ਮੈਂ ਇਹ ਕਹਾਣੀਆਂ ਝੰਗ ਤੇ ਖ਼ੁਸ਼ਾਬ ਵਿੱਚ ਰਹਿ ਕੇ ਲਿਖੀਆਂ। ਜਦੋਂ ਇਹ ਕਿਤਾਬ ਛਪੀ ਤਾਂ ਮੈਂ ਸਾਹੀਵਾਲ ਵਿੱਚ ਸਾਂ। ਖ਼ਾਲਿਦ ਫ਼ਰਹਾਦ ਧਾਰੀਵਾਲ ਤੇ ਮਲਕ ਮਿਹਰ ਅਲੀ ਨਾਲ਼ ਇਹ ਕਿਤਾਬ ਛਪਣ ਤੋਂ ਬਾਅਦ ਮੁਲਾਕਾਤ ਹੋਈ। ਮੈਂ ਜਾਣਿਆ ਉਹ ਦੋਨੋਂ ਮਿੱਤਰ ਸਾਊ ਤੇ ਸਿੱਧੀਆਂ ਰੂਹਾਂ ਨੇ। ਮੁਸ਼ਤਾਕ ਸੂਫ਼ੀ ਹੋਰਾਂ ਨਾਲ਼ ਮਿਲਨੀ, ਮੇਰੀਆਂ ਕਿਤਾਬਾਂ ਉੱਤੇ ਅਗ੍ਰੇਜ਼ੀ ਅਖ਼ਬਾਰ ‘ਡਾਨ’ ਵਿੱਚ ਉਨ੍ਹਾਂ ਦੇ ਲਿਖੇ ਰਿਵਿਊ ਮਗਰੋਂ ਹੋਈ। ਉਨ੍ਹਾਂ ਦਾ ਮੈਂ ਧੰਨਵਾਦੀ ਹਾਂ।
? ਮੈਂ ਰਾਜਿੰਦਰ ਸਿੰਘ ਬੇਦੀ ਬਾਰੇ ‘ਸ਼ਬਦ’ ਦਾ ਸਪਲੀਮੈਂਟ ਤਿਆਰ ਕਰ ਰਿਹਾ ਹਾਂ। ਕਿਸੇ ਨੇ ਬੇਦੀ ਨੂੰ ਪੁੱਛਿਆ ਸੀ ਕਿ ਉਹ ਕਿਉ ਲਿਖਦਾ ਹੈ। ਬੇਦੀ ਦਾ ਜੁਆਬ ਸੀ ਆਪਣੇ ਲਈ। ਆਪੇ ਦਾ ਪ੍ਰਗਟਾਵਾ ਕਰਨ ਲਈ। ਆਪਣੇ ਅੰਦਰਲੇ ਨੂੰ ਫਰੋਲਣ ਲਈ। ਤੁਸੀਂ ਵੀ ਕਦੇ ਇਸ ਬਾਰੇ ਸੋਚਿਆ ਹੈ ਕਿ ਤੁਸੀਂ ਕਿਉ ਲਿਖਦੇ ਹੋ।
– ਕੋਈ ਕਿਉ ਲਿਖਦਾ ਏ? ਇਹ ਸਵਾਲ ਹਰ ਲਿਖਾਰੀ ਲਈ ਇੱਕ ਸਮੱਸਿਆ ਏ। ਇਸ ਸਵਾਲ ਦਾ ਤਾਅਲੁੱਕ ਨਫ਼ਸੀਆਤੀ ਪੱਖ ਨਾਲ਼ ਜੁੜਦਾ ਏ। ਲਿਖਾਰੀ ਦੇ ਅੰਦਰ ਕੋਈ ਪ੍ਰੇਰਨਾ ਹੁੰਦੀ ਏ ਜਿਹੜੀ ਉਹਨੂੰ ਇਸ ਰਾਹ ਉੱਤੇ ਲਾ ਕੇ ਆਪ ਲੁੱਕ ਜਾਂਦੀ ਏ। ਲਿਖਾਰੀ ਨੂੰ ਇਹ ਲੱਭਣ ਲਈ ਆਪਣੇ ਮਨ ਦੇ ਅੰਦਰ ਵੜ੍ਹ ਕੇ ਵੇਖਣਾ ਪੈਂਦਾ ਏ। ਮੈਂ ਸਕੂਲ ਦੇ ਜ਼ਮਾਨੇ ਤੋਂ ਈ ਇਹ ਚਾਹੁੰਦਾ ਸੀ ਕਿ ਮੇਰਾ ਕੋਈ ਨੇੜੇ ਦਾ ਰਿਸ਼ਤੇਦਾਰ ਲਿਖਣ-ਲਖਾਉਣ ਦਾ ਕੰਮ ਕਰੇ। ਮੇਰੇ ਅੰਦਰ ਦੀ ਖ਼ਾਹਿਸ਼ ਦੇ ਪਿੱਛੇ ਲਿਖਾਰੀਆਂ ਨਾਲ਼ ਮੁਹੱਬਤ ਸੀ। ਮੈਂ ਆਪਣੇ ਆਪ ਨੂੰ ਇਸ ਕੰਮ ਜੋਗਾ ਨਹੀਂ ਸੀ ਸਮਝਦਾ, ਇਸ ਲਈ ਚਾਹੁੰਦਾ ਸਾਂ ਕਿ ਮੇਰਾ ਕੋਈ ਆਪਣਾ ਇਹ ਕੰਮ ਕਰੇ। ਬਿਲਕੁਲ ਐਵੇਂ ਈ ਜਿਵੇਂ ਕੋਈ ਪਿਓ ਆਪਣੇ ਪੁੱਤਰ ਨੂੰ ਉਹ ਕੁੱਝ ਬਣਾਉਣਾ ਚਾਹੁੰਦਾ ਏ ਜੋ ਉਹ ਕਿਸੇ ਕਾਰਨ ਆਪ ਨਾ ਬਣ ਸਕਿਆ ਹੋਵੇ। ਜਦ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਆ ਤਾਂ ਅਸਲ ਵਿੱਚ ਮੈਂ ਆਪ ਈ ਲਿਖਾਰੀ ਬਣਨਾ ਚਾਹੁੰਦਾ ਸਾਂ। ਮੇਰੀ ਥਾਂ ਕੋਈ ਹੋਰ ਇਹ ਕੰਮ ਨਹੀਂ ਸੀ ਕਰ ਸਕਦਾ, ਇਸ ਲਈ ਮੈਂ ਆਪ ਈ ਕਲਮ ਚੁੱਕ ਲਿਆ। ਲਿਖਾਰੀ ਉਸ ਆਸ਼ਕ ਵਾਂਗ ਹੁੰਦਾ ਏ ਜਿਹੜਾ ਆਪਣੇ ਇਸ਼ਕ ਦਾ ਢੋਲ ਪਿੱਟਦਾ ਏ। ਮੈਂ ਆਪਣੇ ਖ਼ਾਬਾਂ ਖ਼ਿਆਲਾਂ ਦੀ ਦੁਨੀਆ ਸਾਰਿਆਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਦਿਲ ਦੀਆਂ ਗੱਲਾਂ ਤੇ ਖ਼ਿਆਲ ਦੀ ਦੁਨੀਆ ਦੀ ਕੋਈ ਹੱਦ ਨਹੀਂ ਹੁੰਦੀ। ਇਹ ਖ਼ਿਆਲ ਨਵੇਂ ਤੇ ਨਿਵੇਕਲੀ ਦੁਨੀਆ ਨੂੰ ਸਿਰਜਣ ਦਾ ਜਤਨ ਕਰਦਾ ਏ। ਇਸ ਦੁਨੀਆ ਵਿੱਚ ਕੋਈ ਸ਼ੈ ਵੀ ਸੰਪੂਰਨ ਨਹੀਂ ਤੇ ਨਾ ਈ ਹੋ ਸਕਦੀ ਏ ਪਰ ਮੇਰੇ ਅੰਦਰ ਦਾ ਲਿਖਾਰੀ ਕੋਈ ਅਜਿਹੀ ਦੁਨੀਆ ਵੇਖਦਾ ਏ ਜਿਹੜੀ ਨਦੀ ਦੇ ਪਾਣੀ ਵਾਂਗ ਇੱਕ ਸਾਰ ਵਗਦੀ ਹੋਵੇ। ਇਹਦੇ ਪਿੱਛੇ ਸੁਹੱਪਣ ਦਾ ਖ਼ਿਆਲ ਏ। ਜ਼ੁਲਮ-ਜਬਰ ਤੋਂ ਬਗ਼ੈਰ ਦੀ ਦੁਨੀਆ। ਮੇਰੇ ਲਈ ਲਿਖਣ ਦਾ ਮਕਸਦ, ਅੰਦਰ-ਬਾਹਰ ਖਿਲਰੀਆਂ ਹੱਦਾਂ ਨਾਲ਼ ਟੱਕਰਾਂ ਮਾਰ ਕੇ ਆਪਣੀ ਆਜ਼ਾਦੀ ਦੀ ਗੱਲ ਕਰਨਾ ਏ। ਆਜ਼ਾਦੀ ਸਮਾਜ ਦੀਆਂ ਕੰਧਾਂ ਟੱਪਣ ਤੋਂ ਅੱਗੇ ਦੀ ਗੱਲ ਏ। ਸੱਚ-ਝੂਠ ਤੇ ਚੰਗੇ-ਮੰਦੇ ਦੀ ਵੰਡ ਤੋਂ ਵੱਖ ਵੀ ਕੋਈ ਦੁਨੀਆ ਹੋ ਸਕਦੀ ਏ ਤੇ ਮੈਂ ਉਸ ਦੁਨੀਆ ਦਾ ਵਾਸੀ ਬਣਨ ਲਈ ਅੱਖਰਾਂ ਨੂੰ ਰੱਥ ਬਣਾਇਆ ਏ। ਲਿਖਣਾ ਇੱਕ ਸਹੂਲਤ ਏ ਜਿਹਦੇ ਲਈ ਫ਼ੈਂਟੇਸੀ ਦੀ ਲੋੜ ਹੁੰਦੀ ਏ। ਨਜ਼ਰ ਆਉਣ ਵਾਲੀ ਦੁਨੀਆ ਤੋਂ ਨਿਕਲਣ ਲਈ ਇਸ ਫ਼ੈਂਟੇਸੀ ਦੀ ਲੋੜ ਪੈਂਦੀ ਏ। ਬੋਰਹੇਸ ਸ਼ਾਇਦ ਇਸ ਫ਼ਨਟੈਸੀ ਵਿੱਚ ਰਹਿੰਦੇ ਹੋਏ ਆਪਣੇ ਅੰਨ੍ਹੇ ਹੋ ਜਾਣ ਨੂੰ ਈ ਭੋਗ ਗਿਆ ਸੀ। ਨਾਰਵੇ ਦੇ ਵੱਡੇ ਲੇਖਕ ਯਾਨ ਫ਼ੂਸੇ ਦੇ ਨਾਵਲ ਵਿੱਚ ਇੱਕ ਚਿੱਤਰਕਾਰ ਆਖਦਾ ਏ ਕਿ ਉਹ ਰੋਜ਼ੀ-ਰੋਟੀ ਲਈ ਤਸਵੀਰਾਂ ਨਹੀਂ ਬਣਾਉਦਾ ਸਗੋਂ ਆਪਣੇ ਦਿਮਾਗ਼ ਵਿੱਚ ਪਏ ਚਿੱਤਰਾਂ ਤੋਂ ਚੁੰਡ ਛਡਾਉਣ ਲਈ ਕੈਨਵਸ ਉੱਤੇ ਰੰਗ ਫੇਰਦਾ ਰਹਿੰਦਾ ਏ। ਮੈਂ ਵੀ ਉਸ ਚਿੱਤਰਕਾਰ ਵਾਂਗੂੰ ਆਪਣੇ ਦਿਮਾਗ਼ ਦੀਆਂ ਸੋਚਾਂ ਨੂੰ ਬਾਹਰ ਕੱਢ ਕੇ ਮੁਕਤੀ ਪਾਉਣਾ ਚਾਹਨਾਂ।
? ਲਿਖਣ ਦੀ ਪ੍ਰਕਿਰਿਆ ਬਾਰੇ ਵੱਖ-ਵੱਖ ਲੇਖਕਾਂ ਦੇ ਵੱਖ-ਵੱਖ ਵਿਚਾਰ ਹਨ। ਮੇਰੇ ਵਰਗਾ ਕੋਈ ਇਸ ਨੂੰ ਇਲਹਾਮ ਮੰਨਦਾ ਹੈ। ਕੋਈ ਕਹਿੰਦਾ ਹੈ ਕਿ ਮੈਂ ਪਲੈਨਿੰਗ ਕਰਦਾਂ, ਕੋਈ ਭੀੜ ਵਿੱਚ ਬੈਠ ਕੇ ਲਿਖ ਸਕਦਾ ਹੈ। ਕਿਸੇ ਨੂੰ ਇਕੱਲਤਾ ਦੀ ਲੋੜ ਹੁੰਦੀ ਹੈ। ਤੁਹਾਡੇ ਕੋਲ ਕਹਾਣੀ ਕਿਵੇਂ ਆਉਦੀ ਹੈ।
– ਕਹਾਣੀ ਦਾ ਖ਼ਿਆਲ ਇੱਕ ਟਿਮਕਣੇ ਵਾਂਗ ਹੁੰਦਾ ਏ। ਦਿਮਾਗ਼ ਨੂੰ ਕੋਈ ਖ਼ਿਆਲ ਚੰਗਾ ਲੱਗਦਾ ਏ ਤਾਂ ਫ਼ਿਰ ਲਿਖਾਰੀ ਉਹਦੇ ਪਿੱਛੇ ਭੱਜ ਪੈਂਦਾ ਏ। ਹਨੇਰੇ ਵਿੱਚ ਕੋਈ ਚਾਨਣ ਦਾ ਟਿਮਕਣਾ ਦਿੱਸਦਾ ਹੈ ਤੇ ਬੰਦਾ ਉਹਦੇ ਵੱਲ ਟੁਰ ਪੈਂਦਾ ਏ। ਰਾਹ ਵਿੱਚ ਕਈ ਵਲ ਵਲਾਵੇਂ ਆਉਦੇ ਨੇ। ਉਹ ਟਿਮਕਣਾ ਆਪਣੀ ਸ਼ਕਲ ਵੀ ਬਦਲਦਾ ਰਹਿੰਦਾ ਏ। ਕੋਲ਼ ਜਾ ਕੇ ਪਤਾ ਲੱਗਦਾ ਏ ਕਿ ਉਹ ਚਾਨਣ ਕਿਹੜੀ ਸ਼ੈ ਦਾ ਸੀ। ਮੈਨੂੰ ਕਹਾਣੀ ਦੇ ਖ਼ਿਆਲ ਵੀ ਉਦੋਂ ਆਉਦੇ ਨੇ ਜਦੋਂ ਮੈਂ ਕਹਾਣੀ ਲਿਖਣਾ ਚਾਹੁੰਦਾ ਹਾਂ। ਕਹਾਣੀ ਦਾ ਪਹਿਲਾ ਪੈਰਾਗਰਾਫ਼ ਉਸ ਖ਼ਿਆਲ ਦਾ ਚਮਤਕਾਰ ਹੁੰਦਾ ਏ। ਬਾਕੀ ਦੀ ਕਹਾਣੀ ਆਪ ਈ ਰਾਹੇ ਪੈ ਜਾਂਦੀ ਏ। ਹਰ ਵਾਰੀ ਕਹਾਣੀ ਆਪਣਾ ਪੈਂਡਾ ਆਪ ਮਿੱਥਦੀ ਹੈ। ਜੋ ਮੈਂ ਸੋਚਿਆ ਹੁੰਦਾ ਏ, ਉਹਦੇ ਤੋਂ ਵੱਖ ਈ ਕੰਮ ਨਿਕਲਦਾ ਏ। ਮੇਰੇ ਖ਼ਿਆਲ ਵਿੱਚ ਜਦੋਂ ਲਿਖਾਰੀ ਕਹਾਣੀ ਸ਼ੁਰੂ ਕਰ ਲੈਂਦਾ ਏ ਤਾਂ ਫ਼ਿਰ ਉਹਦਾ ਦਿਮਾਗ਼ ਲਗਾਤਾਰ ਸੋਚਦਾ ਰਹਿੰਦਾ ਏ। ਇਹ ਸਾਰੀ ਖੇਡ ਉਹਦੇ ਅਚੇਤ ਵਿੱਚ ਖੇਡੀ ਜਾ ਰਹੀ ਹੁੰਦੀ ਏ, ਭਾਵੇਂ ਲਿਖਾਰੀ ਕਿਸੇ ਹੋਰ ਕੰਮ ਵਿੱਚ ਰੁੱਝਿਆ ਹੋਵੇ।
? ਆਪਣੀ ਕਿਸੇ ਕਹਾਣੀ ਦੀ ਮਿਸਾਲ ਦੇ ਕੇ ਆਪਣੇ ਕਹਾਣੀ ਲੇਖਣ ਬਾਰੇ ਚਾਨਣ ਪਾਓ।
– ਮੇਰੀ ਇੱਕ ਕਹਾਣੀ ‘ਮਨ ਦੀ ਝੀਤ’ ਏ। ਮੈਨੂੰ ਇਹ ਖ਼ਿਆਲ ਆਇਆ ਕਿ ਇੱਕ ਨਿਆਣਾ ਜਿਹੜਾ ਝੱਲਾ ਹੋ ਜਾਂਦਾ ਏ ਜਾਂ ਝੱਲਾ ਜੰਮਦਾ ਏ, ਉਹਦੇ ਆਪਣੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੁੰਦਾ ਏ? ਇਸ ਖ਼ਿਆਲ ਨਾਲ਼ ਈ ਮੈਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਉਸ ਬਾਲ ਨੂੰ ਦੂਣੀ ਆਖਦੇ ਨੇ ਕਿਉਜੋ ਜਦੋਂ ਉਹ ਸਿਰ ਉੱਤੇ ਸੱਟ ਲੱਗਣ ਨਾਲ਼ ਝੱਲਾ ਹੋ ਗਿਆ ਤਾਂ ਫ਼ਿਰ ਉਹ ਦੋ ਦਾ ਪਹਾੜਾ ਪੜ੍ਹੀ ਜਾਂਦਾ। ਉਹਨੂੰ ਕਿਸੇ ਸ਼ੈ ਦੀ ਕੋਈ ਫ਼ਿਕਰ ਨਹੀਂ। ਉਹਦੀ ਫ਼ਿਕਰਾਂ ਤੋਂ ਆਜ਼ਾਦ ਹਯਾਤੀ ਨੂੰ ਵੇਖ ਕੇ ਉਹਦੇ ਮਾਪਿਆਂ ਨੂੰ ਫ਼ਿਕਰਾਂ ਜ਼ਰੂਰ ਨੇ। ਦਵਾ-ਦਾਰੂ ਨਾਲ਼ ਉਹਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਤੋਂ ਅੱਗੇ ਮੈਂ ਸੋਚਣ ਲੱਗ ਪਿਆ ਕਿ ਹੁਣ ਕੀ ਕਰਾਂ ? ਕਹਾਣੀ ਨੂੰ ਅੱਗੇ ਕਿਵੇਂ ਟੋਰਾਂ? ਟੂਣੇ-ਟੋਟਕੇ ਈ ਅਖੀਰਲਾ ਹਰਬਾ ਹੁੰਦਾ ਏ। ਫ਼ਿਰ ਮੈਂ ਸੋਚਿਆ ਕਿ ਪੀਰ-ਫ਼ਕੀਰ ਵੱਲ ਟੋਰਾਂ ਜਾਂ ਕਿਸੇ ਹੋਰ ਕੋਲ਼। ਪੀਰ-ਫ਼ਕੀਰ ਦੀ ਗੱਲ ਤਾਂ ਕਈ ਕਹਾਣੀਆਂ ਵਿੱਚ ਹੋਈ ਲੱਭਦੀ ਏ, ਇਸ ਲਈ ਮੈਂ ਪੁਰਾਣੇ ਹਿੰਦੁਸਤਾਨ ਵੱਲ ਧਿਆਨ ਕੀਤਾ। ਮੈਨੂੰ ਅਜਿਹਾ ਪਾਤਰ ਚਾਹੀਦਾ ਸੀ ਜੋ ਹਿੰਦੁਸਤਾਨ ਦੇ ਇਤਿਹਾਸ ਦੀ ਧੂੜ ਥੱਲੇ ਦੱਬਿਆ ਵੀ ਹੋਵੇ ਤੇ ਉਹਦੀ ਰੁਮਕ ਸਾਡੇ ਆਲੇ ਦੁਆਲੇ ਕਿਸੇ ਥਾਂ ਉੱਤੇ ਵੀ ਮੌਜੂਦ ਹੋਵੇ। ਦੂਣੀ ਦੇ ਮਾਪੇ ਆਪਣੇ ਦੁੱਖ ਵਿੱਚ ਖੁਰਦੇ ਪਏ ਸਨ ਪਰ ਦੂਣੀ ਨੂੰ ਉਨ੍ਹਾਂ ਦੇ ਦੁੱਖ ਦਾ ਨਾ ਅਹਿਸਾਸ ਸੀ ਤੇ ਨਾ ਈ ਕੋਈ ਫ਼ਿਕਰ। ਉਹ ਮਸਤ ਸੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਕੰਮਾਂ ਵਿੱਚ ਖ਼ੁਸ਼ ਰਹਿੰਦਾ। ਇੰਝ ਲੱਗਦਾ ਜਿਵੇਂ ਉਹ ਸਿਰਫ਼ ਹਯਾਤੀ ਨੂੰ ਜੀਣਾ ਚਾਹੁੰਦਾ ਸੀ। ਉਹ ਮਾਪਿਆਂ ਦਾ ਇਕੱਲਾ ਪੁੱਤਰ ਸੀ। ਉਹਦੀ ਬਿਮਾਰੀ ਨੇ ਦੋਨਾਂ ਜੀਆਂ ਨੂੰ ਵੀ ਇੱਕ ਦੂਜੇ ਤੋਂ ਜਿਵੇਂ ਨਿਖੇੜ ਦਿੱਤਾ ਸੀ। ਅਖੀਰ ਮੈਨੂੰ ਸਾਲਟ ਰੇਂਜ ਵਿੱਚ ਇੱਕ ਪਹਾੜੀ ਅਤੇ ਟੁੱਟੇ-ਭੱਜੇ ਮੰਦਰ ਦਾ ਖ਼ਿਆਲ ਆਇਆ। ਕਿਸੇ ਜ਼ਮਾਨੇ ਵਿੱਚ ਰਿਸ਼ੀ ਓਥੇ ਗਿਆਨ ਧਿਆਨ ਲਾਉਦੇ ਹੋਣਗੇ। ਇਸ ਮੰਦਰ ਦੇ ਨੇੜੇ ਕੋਈ ਵਸੋਂ ਨਹੀਂ ਸੀ। ਮੈਂ ਉਹ ਮੰਦਰ ਖ਼ੁਸ਼ਾਬ ਸ਼ਹਿਰ ਵਿੱਚ ਆਪਣੀ ਪੋਸਟਿੰਗ ਸਮੇਂ ਵੇਖਿਆ ਹੋਇਆ ਸੀ। ਖੁਸ਼ਵੰਤ ਸਿੰਘ ਦੇ ਪਿੰਡ ਹਡਾਲੀ ਵਿੱਚੋਂ ਲੰਘ ਕੇ ਇਸ ਪਹਾੜੀ ਵੱਲ ਸੜਕ ਜਾਂਦੀ ਏ। ਅਖ਼ੀਰ ਮੇਰੇ ਪਾਤਰ ਇਸ ਪਹਾੜੀ ਦੇ ਮੰਦਰ ਕੋਲ਼ ਬੈਠੀ ਇੱਕ ਬੁੱਢੀ ਮਾਈ ਕੋਲ਼ ਅੱਪੜ ਜਾਂਦੇ ਨੇ। ਜਿੱਥੇ ਉਹ ਪਹਾੜੀ ਮੁੱਕਦੀ ਏ ਉੱਥੋਂ ਥਲ ਸ਼ੁਰੂ ਹੁੰਦਾ ਏ। ਰੇਤ ਦੇ ਇਸ ਥਲ ਵਿੱਚ ਆਬਾਦੀ ਖਿੱਲਰੀ ਹੋਈ ਏ। ਲੋਕ ਆਪਣੀ ਜ਼ਮੀਨ ਅਤੇ ਡੇਰੇ ਬਣਾ ਕੇ ਰਹਿੰਦੇ ਨੇ। ਜਦੋਂ ਦੂਣੀ ਦੇ ਮਾਪੇ ਮੰਦਰ ਅੱਪੜਦੇ ਨੇ, ਉਦੋਂ ਮਾਈ ਥਲ ਵਿੱਚ ਜਾ ਚੁੱਕੀ ਹੁੰਦੀ ਏ। ਦੂਣੀ ਦੇ ਮਾਪੇ ਅਖ਼ੀਰ ਥਲ ਅੱਪੜ ਜਾਂਦੇ ਨੇ। ਹੁਣ ਅੱਗੇ ਮੈਂ ਫ਼ਿਰ ਸੋਚਣ ਲੱਗ ਪਿਆ ਕਿ ਕਹਾਣੀ ਕਿਵੇਂ ਟੂਰਾਂ। ਜਦੋਂ ਵੀ ਮੈਂ ਕਹਾਣੀ ਦੇ ਵਿਚਕਾਰ ਫਸ ਜਾਵਾਂ ਤਾਂ ਫ਼ਿਰ ਮੇਰੀ ਹਯਾਤੀ ਦੇ ਤਜਰਬੇ ਤੋਂ ਅੱਡ ਮੇਰਾ ਪੜ੍ਹਿਆ ਵਿਚਾਰਿਆ ਕੰਮ ਆਉਦਾ ਏ। ਜੇ ਪੜ੍ਹਾਈ ਨਾ ਹੋਵੇ ਤਾਂ ਫ਼ਿਰ ਸਕੇ ਤਜਰਬੇ ਅਤੇ ਚੱਲਣਾ ਪੈਂਦਾ ਏ। ਇੱਕ ਲਿਖਾਰੀ ਦੀ ਇਹ ਲੋੜ ਹੈ ਕਿ ਉਹ ਦਰਸ਼ਨ, ਇਤਿਹਾਸ ਤੇ ਫ਼ਿਕਸ਼ਨ ਦਾ ਚੰਗਾ ਗਿਆਨੀ ਹੋਵੇ। ਉਹਦੇ ਅਚੇਤ ਨੂੰ ਇੱਥੋਂ ਈ ਮਦਦ ਮਿਲਦੀ ਏ। ਤੁਸੀਂ ਇਹਨੂੰ ਅੰਤਰ ਗਿਆਨ ਦਾ ਵੀ ਨਾਂ ਦੇ ਸਕਦੇ ਹੋ। ਦੂਣੀ ਦੇ ਮਾਪੇ ਉਸ ਮਾਈ ਨਾਲ਼ ਮੁੜ ਇੱਕ ਮਹੀਨੇ ਮਗਰੋਂ ਟੈਕਸਲਾ ਦੇ ਮਿਊਜ਼ੀਅਮ ਵਿੱਚ ਮਿਲਣ ਦਾ ਮਿੱਥ ਲੈਂਦੇ ਨੇ। ਮੇਰੇ ਦਿਮਾਗ਼ ਵਿੱਚ ਖ਼ਿਆਲੀ ਸ਼ੈਵਾਂ ਪੁੰਗਰਦੀਆਂ ਰਹਿੰਦੀਆਂ ਨੇ। ਮੈਂ ਇਸ ਕਹਾਣੀ ਵਿੱਚ ਖ਼ਿਆਲੀ ਸ਼ੈਵਾਂ ਦਾ ਇੱਕ ਮਿਊਜ਼ੀਅਮ ਘੜਿਆ ਤੇ ਆਪਣੇ ਪਾਤਰ ਓੁੱਥੇ ਅੱਪੜਾ ਦਿੱਤੇ। ਖ਼ਿਆਲੀ ਸ਼ੈਵਾਂ ਦਾ ਤੁਆਰਫ਼ ਉਸ ਮਾਈ ਦੇ ਮੂੰਹੋਂ ਕਰਵਾਇਆ। ਅਖ਼ੀਰ ਵਿੱਚ ਲੋਭ, ਤਾਕਤ, ਦੌਲਤ ਤੇ ਉਮੀਦਾਂ ਰਾਹੀਂ ਦੂਣੀ ਦੇ ਮਾਪਿਆਂ ਦਾ ਦਿਮਾਗ਼ ਖੋਲ੍ਹਿਆ। ਨਾਗ ਅਰਜਨ ਫ਼ਿਲਾਸਫ਼ਰ ਦੇ ਪੈਰਾਂ ਵਿੱਚ ਡਿੱਗ ਕੇ ਦੂਣੀ ਦੇ ਮਾਪਿਆਂ ਨੂੰ ਇਹੋ ਸਬਕ ਲੱਭਾ: ਜਿੱਥੋਂ ਤੁਸੀਂ ਵੇਖਦੇ ਹੋ ਉੱਥੋਂ ਦੂਣੀ ਬਿਮਾਰ ਏ ਤੇ ਜਿੱਥੋਂ ਮੈਂ ਵੇਖਦਾ ਹਾਂ, ਉੱਥੋਂ ਤੁਸੀਂ ਬਿਮਾਰ ਹੋ। ਹਯਾਤੀ ਦੀ ਖੇਡ ਜਿਵੇਂ ਮੈਨੂੰ ਨਜ਼ਰ ਆਈ ਉਹ ਮੈਂ ਇਸ ਕਹਾਣੀ ਰਾਹੀਂ ਦੱਸ ਦਿੱਤੀ ਏ। ਮੈਨੂੰ ਲੱਗਦਾ ਏ ਜਿਵੇਂ ਮਹਾਤਮਾ ਬੁੱਧ ਦਾ ਦਰਸ਼ਨ ਸਾਡੇ ਅੰਦਰ ਕਿਸੇ ਨਾ ਕਿਸੇ ਥਾਂ ਮੌਜੂਦ ਏ ਤੇ ਉਹ ਸਾਨੂੰ ਸੋਚਣ ਅਤੇ ਮਜਬੂਰ ਕਰਦਾ ਰਹਿੰਦਾ ਏ। ਕਹਾਣੀ ਇੱਕ ਸਫ਼ਰ ਏ ਜਿਹਦੇ ਰਾਹੀਂ ਲਿਖਾਰੀ ਆਪਣੀ ਜ਼ਾਤ ਦੀ ਪਛਾਣ ਕਰਨ ਦੇ ਨਾਲ਼ ਇਸ ਹਯਾਤੀ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਦਾ ਏ। ਲਿਖਤ ਕੋਈ ਮੁਕੰਮਲ ਸ਼ੈ ਨਹੀਂ ਹੁੰਦੀ ਕਿ ਲਿਖਾਰੀ ਉਹਨੂੰ ਸਰਬ ਵਿਆਪੀ ਵਾਂਗ ਸਮਝ ਸਕੇ। ਲਿਖਾਰੀ ਦੀ ਆਪਣੀ ਰਚਨਾ ਉਹਦੇ ਉੱਤੇ ਸਵਾਲਾਂ ਦੇ ਨਵੇਂ ਦਰ ਖੋਲ੍ਹ ਸਕਦੀ ਏ। ਲਿਖਤ ਉਹਦੀ ਜਟਿਲ ਸੋਚ ਨੂੰ ਤਾਂ ਜ਼ਾਹਿਰ ਕਰ ਸਕਦੀ ਏ ਪਰ ਇਹ ਜ਼ਰੂਰੀ ਨਹੀਂ ਕਿ ਲਿਖਾਰੀ ਦੀ ਗੁੰਝਲ਼ ਨੂੰ ਵੀ ਮੁਕਾ ਦੇਵੇ।
? ਕੀ ਤੁਹਾਡੇ ਮਨ ਵਿੱਚ ਕਦੇ ਆਪਣੇ ਪਾਠਕਾਂ ਦੀ ਹੋਂਦ ਦਾ ਖ਼ਿਆਲ ਵੀ ਮੌਜੂਦ ਹੁੰਦਾ ਹੈ ਕਿ ਜੇ ਮੈਂ ਐਦਾਂ ਕਹਾਣੀ ਲਿਖਾਂ ਤਾਂ ਮੇਰੇ ਪਾਠਕ ਕੀ ਕਹਿਣਗੇ।
– ਲਿਖਦੇ ਹੋਏ ਮੇਰੇ ਦਿਮਾਗ਼ ਵਿੱਚ ਅਸਲੀ ਤੇ ਖ਼ਿਆਲੀ ਪਾਠਕ ਜ਼ਰੂਰ ਹੁੰਦੇ ਨੇ। ਅਸਲੀ ਤਾਂ ਮਿੱਟੀ ਦੇ ਬਣੇ ਟੁਰਦੇ-ਫਿਰਦੇ ਲੋਕ ਨੇ। ਉਨ੍ਹਾਂ ਵਿੱਚ ਕੋਈ ਨਾ ਕੋਈ ਅਜਿਹਾ ਜ਼ਰੂਰ ਹੁੰਦਾ ਏ ਜਿਹਨੂੰ ਆਪਣੀ ਲਿਖਤ ਪੜ੍ਹਨ ਲਈ ਘੱਲਣ ਨੂੰ ਦਿਲ ਕਰਦਾ ਏ। ਉਹ ਪਾਠਕ ਅਸਲ ਵਿੱਚ ਮੇਰੀ ਮਾਨਤਾ ਦਾ ਹਿੱਸਾ ਹੁੰਦਾ ਏ। ਮੇਰੇ ਇੱਕ ਦੋ ਬੇਲੀ ਅਜਿਹੇ ਨੇ ਜਿਨ੍ਹਾਂ ਨੂੰ ਮੈਂ ਆਪਣੀ ਕਹਾਣੀ ਲਿਖ ਕੇ ਭੇਜਦਾਂ। ਉਨ੍ਹਾਂ ਦੇ ਕੋਮਿੰਟ ਨੂੰ ਇੰਝ ਉਡੀਕਦਾ ਹਾਂ ਜਿਵੇਂ ਉਸ ਨੇ ਪਾਸ ਜਾਂ ਫ਼ੇਲ੍ਹ ਕਰਨਾ ਹੋਵੇ। ਲਿਖਤ ਉਹ ਖ਼ੁਸ਼ੀ ਦਿੰਦੀ ਏ ਜਿਹੜੀ ਨਾਰਸਿਸਟ ਨੂੰ ਨਦੀ ਦੇ ਪਾਣੀ ਵਿੱਚ ਆਪਣਾ ਮੁੱਖ ਵੇਖ ਕੇ ਲੱਭੀ ਸੀ। ਲਿਖਾਰੀ ਨੇ ਖ਼ੁਦ ਨੂੰ ਪਾਠਕਾਂ ਦੇ ਦਰਪਣ ਵਿੱਚ ਵੇਖਣਾ ਹੁੰਦਾ ਏ। ਇੱਕ ਲਿਖਾਰੀ ਦੀ ਜਨਰਲ ਰੀਡਿੰਗ ਵਜੋਂ ਉਸ ਪਾਠਕ ਦੀ ਵੰਡ ਨਿਕਲਦੀ ਏ। ਇਸ ਲਈ ਲਿਖਾਰੀ ਨੂੰ ਚੋਖੇ ਤੋਂ ਚੋਖਾ ਪੜ੍ਹਦੇ ਰਹਿਣਾ ਚਾਹੀਦਾ ਏ ਤਾਂਜੋ ਉਹ ਆਪਣੇ ਇਸ ਪਾਠਕ ਦੀ ਚੋਣ ਚੰਗੀ ਕਰ ਸਕੇ। ਉਹ ਪਾਠਕ ਜਿਹਨੂੰ ਦਿਮਾਗ਼ ਵਿੱਚ ਰੱਖ ਕੇ ਮੈਂ ਲਿਖਦਾ ਹਾਂ ਉਹ ਘੱਟੋ ਘੱਟ ਸਾਰੀ ਦੁਨੀਆ ਦੇ ਸਾਹਿਤ ਤੋਂ ਵਾਕਫ਼ ਏ। ਇਸ ਲਈ ਮੈਨੂੰ ਯਕੀਨ ਹੁੰਦਾ ਹੈ ਕਿ ਉਹਦੀ ਪਰਖ ਚੰਗੀ ਹੋਵੇਗੀ। ਮੇਰੇ ਖ਼ਿਆਲੀ ਪਾਠਕ ਭਾਵੇਂ ਮੇਰੇ ਤੋਂ ਜਾਨੋਂ ਨਹੀਂ ਹੁੰਦੇ ਪਰ ਉਨ੍ਹਾਂ ਦੀਆਂ ਲਿਖਤਾਂ ਮੇਰੇ ਉੱਤੇ ਅਸਰ ਛੱਡਿਆ ਹੁੰਦਾ ਏ। ਮੈਂ ਇਹ ਸੋਚਦਾ ਹਾਂ ਕਿ ਜੇ ਕਰ ਕੋਈ ਪਰਜੂਹੀ ਲੇਖਕ ਕਦੇ ਮੇਰੀ ਕਹਾਣੀ ਪੜ੍ਹੇ ਤਾਂ ਉਹਦੇ ਲਈ ਵੀ ਕੋਈ ਚੱਸੀਲੀ ਗੱਲ ਨਿਕਲ ਆਵੇ। ਇਹ ਜ਼ਰੂਰੀ ਨਹੀਂ ਕਿ ਵਾਕਈ ਮੇਰੀ ਕਹਾਣੀ ਪੜ੍ਹ ਕੇ ਉਹਨੂੰ ਚੱਸ ਆਵੇ। ਕਲ਼ਪਨਾ ਤਾਂ ਕੀਤੀ ਜਾ ਸਕਦੀ ਏ ਜਿਹਦੇ ਉੱਤੇ ਕੋਈ ਰੋਕ-ਟੋਕ ਨਹੀਂ।
? ਤੁਸੀਂ ਮੇਰੇ ਵਾਂਗੂੰ ਵਿਦੇਸ਼ੀ ਨਾਵਲ ਪੜ੍ਹੇ ਹਨ। ਇੱਕ-ਦੋ ਨਹੀਂ। ਅਨੇਕਾਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਾਡੇ ਇਧਰਲੇ ਹੋਣ ਜਾਂ ਉਧਰਲੇ ਬਹੁਤੇ ਲੇਖਕ ਤਾਂ ਪੜ੍ਹਦੇ ਹੀ ਨਹੀਂ। ਵਿਦੇਸ਼ੀ ਲੇਖਕਾਂ ਨੂੰ ਕੀ ਪੜ੍ਹਣਾ। ਕੀ ਇਹ ਨਾਵਲ ਪੜ੍ਹਦਿਆਂ ਹੋਇਆਂ ਤੁਸੀਂ ਕਿਸੇ ਨਾਵਲਕਾਰ ਦਾ ਅਸਰ ਕਬੂਲਿਆ ਹੈ ਜਾਂ ਤੁਹਾਡੇ ਮਨ ਵਿੱਚ ਇਹ ਵਿਚਾਰ ਆਇਆ ਹੋਵੇ ਕਿ ਮੈਨੂੰ ਵੀ ਅਜਿਹਾ ਨਾਵਲ ਲਿਖਣਾ ਚਾਹੀਦਾ ਹੈ।
– ਜਰਮਨ ਲਿਖਾਰੀ ਰੋਬਰਟ ਮੋਜ਼ੀਲ ਦਾ ਨਾਵਲ ‘ਆ ਮੈਨ ਵਿੱਦਆਊਟ ਕੁਆਲਟੀਜ਼’ ਮੇਰੀ ਪਸੰਦ ਦਾ ਨਾਵਲ ਏ। 19ਵੀਂ ਸਦੀ ਦੇ ਫ਼ਰਾਂਸੀਸੀ ਲੇਖਕ ਸਤੇਂਦਾਲ ਦਾ ਨਾਵਲ ‘ਰੇੱਡ ਐਂਡ ਬਲੈਕ’ ਵੀ ਮੈਨੂੰ ਬਹੁਤ ਪਸੰਦ ਏ। ਅਲਬੇਰ ਕਾਮੂ ਦਾ ਨਾਵਲ ‘ਸਟਰੇਂਜਰ’ ਵੀ ਮੈਂ ਕਦੇ ਭੁੱਲਾ ਨਹੀਂ ਸਕਦਾ। ਵਲੇਰੀਆ ਲੁਈਸਿੱਲਿ ਦਾ ‘ਸਟੋਰੀ ਆਫ਼ ਮਾਈ ਟੀਥ’, ਰੋਬਰਤੋ ਬੋਲਾਨੋ ਦਾ ‘2666’ ਤੇ ਡੇਵਿਡ ਗਰੋਸਮਾਨ ਦਾ ‘ਆ ਹੌਰਸ ਵਾਕਸ ਇਨਟੂ ਆ ਬਾਰ’ ਅੱਜ ਦੇ ਦੌਰ ਦੇ ਨਾਵਲ ਨੇ। ਮੈਂ ਇੰਝ ਦੇ ਨਾਵਲ ਲਿਖਣਾ ਚਾਹਨਾਂ, ਵੇਖੋ ਕੀ ਬਣਦਾ ਏ। ਇੱਕ ਨਾਰਵੇਜੀਅਨ ਨਾਵਲਕਾਰ ਕਨਾਸਗਾਡ ਦਾ ਨਾਵਲ ‘ਮਾਈ ਸਟ੍ਰਗਲ’ ਛੇ ਜਿਲਦਾਂ ਉੱਤੇ ਫੈਲਿਆ ਹੋਇਆ ਏ। ਇਹ ਪੂਰੀ ਹਯਾਤੀ ਦਾ ਪ੍ਰੋਜੈਕਟ ਲੱਗਦਾ ਏ। ਮੈਂ ਹਾਲੀਂ ਦੋ ਜਿਲਦਾਂ ਪੜ੍ਹੀਆਂ ਨੇ। ਮਾਰਸੇਲ ਪਰੁਸਤ ਅਤੇ ਕਾਰਲ ਕਨਾਸਗਾਡ ਦੀ ਨਕਲ ਕਰਨ ਲਈ ਇੱਕ ਪੂਰੀ ਹਯਾਤੀ ਚਾਹੀਦੀ ਏ। ਇੰਝ ਦੀ ਹਯਾਤੀ ਜਿਹਦੇ ਵਿੱਚ ਹੋਰ ਕੋਈ ਕੰਮ ਨਾ ਹੋਵੇ। ਮੈਂ ਸਾਰੇ ਨਾਵਲ ਭੁੱਲ ਸਕਦਾ ਹਾਂ ਪਰ ਰੋਬਰਟ ਮੋਜ਼ੀਲ ਦੇ ਨਾਵਲ ਨੂੰ ਨਹੀਂ ਭੁੱਲਾ ਸਕਦਾ। ਮੈਨੂੰ ਉਹ ਨਾਵਲ ਪਸੰਦ ਨੇ ਜਿਨ੍ਹਾਂ ਵਿੱਚ ਦਰਸ਼ਨ ਨੂੰ ਵੀ ਥਾਂ ਦਿੱਤੀ ਗਈ ਹੋਵੇ।
? ਤੁਸੀਂ ਮਾਰਕੀਜ਼ ਦਾ ਨਾਂ ਨਹੀਂ ਲਿਆ।
– ਮੈਨੂੰ ਲੱਗਦਾ ਹੈ ਕਿ ਲਾਤੀਨੀ ਅਮਰੀਕਾ ਦਾ ਨਾਵਲ ਅੱਜ ਗੈਬਰੀਅਲ ਗਾਰਸੀਆ ਮਾਰਕੇਜ਼ ਨੂੰ ਪਿੱਛੇ ਛੱਡ ਆਇਆ ਏ। ਹੁਣ ਖ਼ੁਆਨ ਗੈਬਰੀਅਲ ਵਾਸਕੇਜ਼ ਲਾਤੀਨੀ ਅਮਰੀਕਾ ਦਾ ਭਵਿੱਖ ਏ।
? ਲਾਤੀਨੀ ਅਮਰੀਕਾ ਤੇ ਉਪ ਮਹਾਂਦੀਪ ਵਿੱਚ ਤੁਹਾਨੂੰ ਕੋਈ ਸਾਂਝ ਜਾਂ ਵਖਰੇਵਾਂ ਨਜ਼ਰ ਆਉਦਾ ਏ।
– ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਸਪੈਨਿਸ਼ ਬੋਲੀ ਜਾਂਦੀ ਏ ਤੇ ਇਹ ਸਾਰੇ ਦੇਸ਼ ਸਾਹਿਤ ਰਾਹੀਂ ਜੁੜੇ ਹੋਏ ਨੇ। ਪੁਰਤਗਾਲੀ ਭਾਸ਼ਾ ਵੀ ਬੋਲੀ ਜਾਂਦੀ ਏ ਪਰ ਥੋੜ੍ਹੇ ਕੁ ਮੁਲਕਾਂ ਵਿੱਚ ਹੀ। ਹਿੰਦੁਸਤਾਨ ਤੇ ਪਾਕਿਸਤਾਨ ਅੰਦਰ ਭਾਂਤ-ਭਾਂਤ ਦੀਆਂ ਬੋਲੀਆਂ ਨੇ। ਹਰ ਬੋਲੀ ਵਿੱਚ ਸਾਹਿਤ ਲਿਖਿਆ ਜਾ ਰਿਹਾ ਏ। ਹਿੰਦੁਸਤਾਨੀ ਸਾਹਿਤ ਦਾ ਇਤਿਹਾਸ ਬਹੁਤ ਪੁਰਾਣਾ ਏ। ਲਾਤੀਨੀ ਅਮਰੀਕਾ ਵਿੱਚ ਸਾਹਿਤ ਦੀਆਂ ਕਈ ਲਹਿਰਾਂ ਉੱਠੀਆਂ ਤੇ ਦੱਖਣੀ ਅਮਰੀਕਾ ਦੇ ਉਨ੍ਹਾਂ ਮੁਲਕਾਂ ਦਾ ਸਾਹਿਤ ਯੂਰਪ ਅੰਦਰ ਮਤਲਬ ਸਪੇਨ ਤੀਕ ਪਹੁੰਚ ਰੱਖਦਾ ਏ। ਉੱਥੇ ਤਰਜੁਮੇ ਦੀ ਰਵਾਇਤ ਪੁਰਾਣੀ ਤੇ ਪੀਡੀ ਏ। ਦੂਰ ਦੁਰਾਡੇ ਲਿਖਿਆ ਜਾਂਦਾ ਸਪੈਨਿਸ਼ ਸਾਹਿਤ ਤਾਂ ਸਾਡੇ ਕੋਲ਼ ਅੰਗਰੇਜ਼ੀ ਰਾਹੀਂ ਅੱਪੜ ਜਾਂਦਾ ਹੈ ਪਰ ਸਾਡੇ ਗੁਆਂਢ ਵਿੱਚ ਲਿਖੇ ਗਏ ਬੰਗਾਲੀ, ਮਲਿਆਲਮ ਤੇ ਕੰਨੜ ਸਾਹਿਤ ਦੀਆਂ ਕਿਤਾਬਾਂ ਤਰਜੁਮਾ ਹੋਣ ਵਿੱਚ ਕਈ ਵਰ੍ਹੇ ਬੀਤ ਜਾਂਦੇ ਨੇ। ਅੰਗਰੇਜ਼ੀ ਪੜ੍ਹਨ ਵਾਲੇ ਤਾਂ ਫ਼ਿਰ ਵੀ ਪੜ੍ਹ ਲੈਂਦੇ ਨੇ ਪਰ ਹਮ੍ਹਾਤੜ ਪਾਠਕ ਸਹਿਕਦਾ ਰਹਿੰਦਾ ਏ। ਮੈਂ ਹਿੰਦੁਸਤਾਨ ਦੇ ਉਨ੍ਹਾਂ ਲਿਖਾਰੀਆਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਜਿਹੜੇ ਮੂਲੋਂ ਅੰਗਰੇਜ਼ੀ ਵਿੱਚ ਲਿਖਦੇ ਨੇ। ਖੁਸ਼ਵੰਤ ਸਿੰਘ, ਵਿਕਰਮ ਸੇਠ, ਅਨੀਤਾ ਡੇਸਾਈ, ਅਰੂੰਧਤੀ ਰਾਏ, ਅਮੀਤਾਵ ਘੋਸ਼, ਅਰਵਿੰਦ ਉਡੇਗਾ, ਨਰਾਇਣ ਤੇ ਝੁਮਪਾ ਲਹਿਰੀ ਵਗ਼ੈਰਾ ਨੂੰ ਪੜ੍ਹਨਾ ਸੌਖਾ ਏ, ਜਦੋਂ ਕਿ ਦੂਜੀਆਂ ਬੋਲੀਆਂ ਦੇ ਵੱਡੇ ਲਿਖਾਰੀਆਂ ਨੂੰ ਅਸੀਂ ਜਾਣਦੇ ਈ ਨਹੀਂ। ਸੰਤਾਲੀ ਦੀ ਵੰਡ ਤੇ ਬਾਰਡਰ ਨੇ ਦੂਰੀ ਹੋਰ ਵਧਾ ਦਿੱਤੀ ਏ। ਬਰ-ਏ-ਸਗ਼ੀਰ ਦੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਹੋਣ ਦਾ ਮੌਕਾ ਮਿਲਣ ਨਾਲ਼ ਸਾਹਿਤ ਦਾ ਇਕੱਠ ਹੋ ਸਕਦਾ ਏ ਜਿਵੇਂ ਲਾਤੀਨੀ ਅਮਰੀਕਾ ਵਿੱਚ ਹੋਇਆ ਏ।
? ਇੱਥੇ ਵੀ ਆਰ-ਪਾਰ ਦੇ ਲੋਕਾਂ ਵਿੱਚ ਸਾਹਿਤ, ਸਾਂਝ ਦਾ ਸੂਤਰ ਬਣ ਸਕਦਾ ਏ?
– ਜੀ ਬਿਲਕੁਲ!
? ਕੰਨੜ ਲੇਖਕ ਯੂ. ਆਰ. ਅਨੰਤਮੂਰਤੀ, ਮਲਿਆਲਮ ਲਿਖਾਰੀ ਵੈਕਿਊਮ ਬਸ਼ੀਰ ਮੁਹੰਮਦ ਤੇ ਬੰਗਾਲੀ ਨਾਵਲਕਾਰ ਕੁਨਾਲ ਬਾਸੂ ਨੂੰ ਉੱਧਰ ਬਹੁਤ ਘੱਟ ਲਿਖਾਰੀਆਂ ਨੇ ਪੜ੍ਹਿਆ ਹੋਵੇਗਾ। ਅਨੰਤਮੂਰਤੀ ਦੀ ਇੱਕ ਕਹਾਣੀ ‘ਘੱਟ ਸਰਾਧ’ ਉੱਤੇ ਇਸੇ ਨਾਂ ਤੋਂ ਹਿੰਦੀ ਵਿੱਚ ਫ਼ਿਲਮ ਬਣੀ ਹੈ। ਉਹ ਜ਼ਰੂਰ ਦੇਖੋ।
– ਮੈਂ ਵੇਖੀ ਹੋਈ, ਜਿਹਦੇ ਵਿੱਚ ਨਾਨਾ ਪਾਟੇਕਰ ਨੇ ਅਛੂਤ ਦਾ ਰੋਲ਼ ਕੀਤਾ ਏ।
? ਚੜ੍ਹਦੇ ਪੰਜਾਬ ਦੇ ਲੇਖਕ ਗੁਰਬਖ਼ਸ਼ ਸਿੰਘ, ਕੁਲਵੰਤ ਸਿੰਘ ਵਿਰਕ, ਮੋਹਨ ਭੰਡਾਰੀ, ਰਘੁਬੀਰ ਢੰਡ, ਸ਼ਿਵ ਕੁਮਾਰ ਬਟਾਲਵੀ ਅਤੇ ਲਹਿੰਦੇ ਪੰਜਾਬ ਦੇ ਫ਼ਰਜ਼ੰਦ ਅਲੀ, ਮਕਸੂਦ ਸਾਕਿਬ, ਇਲਿਆਸ ਘੁੰਮਣ, ਅਕਬਰ ਲਾਹੌਰੀ, ਰੰਧਾਵਾ ਤੇ ਹੋਰ ਅਨੇਕਾਂ ਲੇਖਕ ਨੇ। ਇਨ੍ਹਾਂ ਦੇ ਸੰਦਰਭ ਵਿੱਚ ਤੁਸੀਂ ਅਜੋਕੇ ਪੰਜਾਬੀ ਸਾਹਿਤ ਬਾਰੇ ਕੀ ਸੋਚਦੇ ਹੋ।
– ਸੱਚੀ ਗੱਲ ਤਾਂ ਇਹ ਹੈ ਕਿ ਮੈਂ ਪੰਜ ਵਰ੍ਹੇ ਪਹਿਲਾਂ ਤੱਕ ਪੰਜਾਬੀ ਸ਼ਾਇਰਾਂ ਨੂੰ ਨਹੀਂ ਸੀ ਜਾਣਦਾ। ਕਹਾਣੀਕਾਰਾਂ ਵਿੱਚੋਂ ਸਿਰਫ਼ ਅਫ਼ਜ਼ਲ ਅਹਸਨ ਰੰਧਾਵਾ, ਮਨਸ਼ਾ ਯਾਦ ਤੇ ਕੁਲਵੰਤ ਸਿੰਘ ਵਿਰਕ ਬਾਰੇ ਇਲਮ ਸੀ। ਲਹਿੰਦੇ ਪੰਜਾਬ ਵਿੱਚ ਪੰਜਾਬੀ ਲੇਖਕਾਂ ਦਾ ਉਦੋਂ ਈ ਪਤਾ ਚਲਦਾ ਏ ਜਦੋਂ ਕੋਈ ਪੰਜਾਬੀ ਵਿੱਚ ਆਪ ਲਿਖਣਾ ਸ਼ੁਰੂ ਕਰ ਦੇਵੇ। ਮੈਂ ਬਹੁਤ ਘੱਟ ਪੰਜਾਬੀ ਦਾ ਅਦਬ ਪੜ੍ਹਿਆ ਏ। ਚੜ੍ਹਦੇ ਪੰਜਾਬ ਦਾ ਸਾਹਿਤ ਤਾਂ ਉੱਕਾ ਈ ਥੋੜ੍ਹਾ। ਜਿਨ੍ਹਾਂ ਲਿਖਾਰੀਆਂ ਦੇ ਕਹਾਣੀ ਪਰਾਗੇ ਇੱਧਰ ਸ਼ਾਹਮੁਖੀ ਵਿੱਚ ਛਪੇ ਹੋਏ ਨੇ, ਉਨ੍ਹਾਂ ਵਿੱਚੋਂ ਵੀ ਬਸ ਜਿੰਦਰ, ਵਰਿਆਮ ਸੰਧੂ, ਪ੍ਰੇਮ ਪ੍ਰਕਾਸ਼ ਤੇ ਤਲਵਿੰਦਰ ਸਿੰਘ ਨੂੰ ਹੀ ਪੜ੍ਹਿਆ ਏ। ਲਹਿੰਦੇ ਪੰਜਾਬੀ ਦੇ ਲਿਖਾਰੀ ਉਣਵੀਂ ਤੇ ਵੀਹਵੀਂ ਸਦੀ ਤੋਂ ਅੱਗੇ ਨਹੀਂ ਟੱਪੇ। ਉਨ੍ਹਾਂ ਦੀ ਪੜ੍ਹਾਈ ਵੀ ਘੱਟ ਏ। ਸੱਭੇ ਇੱਕ ਈ ਸਚੇ ਨੂੰ ਮੰਨਣ ਵਾਲੇ ਲੱਗਦੇ ਨੇ। ਥੋੜ੍ਹਾ ਇਲਮ ਖ਼ਤਰਨਾਕ ਹੁੰਦਾ ਹੈ, ਇਹ ਗੱਲ ਸਾਡੇ ਪੰਜਾਬੀ ਲਿਖਾਰੀਆਂ ਉੱਤੇ ਠੀਕ ਢੁੱਕਦੀ ਏ। ਚੜ੍ਹਦੇ ਪੰਜਾਬ ਦੇ ਲਿਖਾਰੀਆਂ ਤੋਂ ਮੈਂ ਚੋਖਾ ਵਾਕਫ਼ ਨਹੀਂ, ਇਸ ਲਈ ਉਨ੍ਹਾਂ ਬਾਰੇ ਕੋਈ ਰਾਏ ਨਹੀਂ ਦੇ ਸਕਦਾ। ਕੁੱਝ ਵਰ੍ਹਿਆਂ ਬਾਅਦ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਾਂਗਾ। ਮੇਰੇ ਖ਼ਿਆਲ ਵਿੱਚ ਪੰਜਾਬੀ ਲਿਖਾਰੀਆਂ ਨੂੰ ਅਜੇ ਬਹੁਤ ਪੜ੍ਹਨ ਦੀ ਲੋੜ ਏ। ਪੜ੍ਹਨਾ, ਲਿਖਣ ਤੋਂ ਵੀ ਜ਼ਿਆਦਾ ਜ਼ਰੂਰੀ ਏ। ਅਸੀਂ ਨਿੱਕੇ-ਨਿੱਕੇ ਲੋਭਾਂ ਪਿੱਛੇ ਚੋਖਾ ਭੱਜਦੇ ਹਾਂ। ਆਪਣੇ ਸਾਹਿਤ ਨੂੰ ਉਚੇਰਾ ਕਰਨ ਲਈ ਸਾਡੇ ਲੇਖਕ ਉੱਦਮੀ ਨਹੀਂ। ਮੈਂ ਆਪਣੇ ਆਪ ਨੂੰ ਕੋਈ ਵੱਡਾ ਲਿਖਾਰੀ ਨਹੀਂ ਸਮਝਦਾ, ਮੈਂ ਤਾਂ ਹਾਲੀਂ ਲਿਖਣਾ ਸ਼ੁਰੂ ਕੀਤਾ ਏ। ਸਾਹਿਤ ਬਹੁਤ ਠੰਢਾ ਤੇ ਸਬਰ ਵਾਲਾ ਕੰਮ ਏ। ਮਾਨਤਾ ਹੌਲੀ-ਹੌਲੀ ਲੱਭਦੀ ਏ। ਇੱਕ ਹੋਰ ਗੱਲ ਮੈਂ ਵੇਖੀ ਏ ਕਿ ਪੰਜਾਬੀ ਵਿੱਚ ਐਮ. ਏ. ਤੇ ਪੀ. ਐੱਚ. ਡੀ. ਕਰਨ ਵਾਲੇ ਵੀ ਫ਼ਿਕਸ਼ਨ ਨਹੀਂ ਪੜ੍ਹਦੇ। ਉਨ੍ਹਾਂ ਨਾਲ਼ ਸਾਹਿਤ ਬਾਰੇ ਗੱਲ ਕਰੋ ਤਾਂ ਪੰਜ ਮਿੰਟਾਂ ਤੋਂ ਅੱਗੇ ਗੱਲ ਨਹੀਂ ਟੁਰਦੀ। ਜੇ ਕਰ ਪੰਜਾਬੀ ਸਾਹਿਤ ਦਾ ਭਵਿੱਖ ਉਨ੍ਹਾਂ ਨਾਲ਼ ਜੁੜਿਆ ਏ ਤਾਂ ਫ਼ਿਰ ਮਰੀਜ਼ ਨੂੰ ਦੁਆਵਾਂ ਦੀ ਲੋੜ ਏ। ਨਵੀਂ ਲਿਖਾਰੀਆਂ ਨੂੰ ਇਹ ਪੁਰਾਣੇ ਨਾਮਨਿਹਾਦ ਲਿਖਾਰੀ ਨੇੜੇ ਨਹੀਂ ਲੱਗਣ ਦਿੰਦੇ। ਇੰਨਾ ਮਾਯੂਸ ਕਰਦੇ ਨੇ ਕਿ ਮਨ ਖੱਟਾ ਪੈ ਕੇ ਬੰਦਾ ਨੱਸ ਈ ਜਾਵੇ। ਇੱਕਾ-ਦੁੱਕਾ ਚੰਗੇ ਲੋਕ ਵੀ ਨੇ ਪਰ ਉਨ੍ਹਾਂ ਦੀ ਵੀ ਕੋਈ ਨਹੀਂ ਸੁਣਦਾ। ਮੈਨੂੰ ਉਮੀਦ ਏ ਕਿ ਵੇਲੇ ਦੇ ਨਾਲ਼ ਇਹ ਵਿਹਾਰ-ਵਰਤਾਰਾ ਬਦਲੇਗਾ ਤੇ ਪੰਜਾਬੀ ਸਾਹਿਤ ਦੇ ਪਿੜ ਵਿੱਚ ਨੌਜਵਾਨ ਕਲਮਾਂ ਨਵੀਆਂ ਲੀਹਾਂ ਪਾਉਣਗੀਆਂ।
? ਇਨਾਮ ਲਹਿੰਦੇ ਪੰਜਾਬ ਵਿੱਚ ਦਿੱਤੇ ਜਾਂਦੇ ਹੋਣ ਜਾਂ ਚੜ੍ਹਦੇ ਪੰਜਾਬ ਵਿੱਚ, ਦੋਹਾਂ ਪਾਸਿਆਂ ਵਿੱਚ ਕਿੰਤੂ-ਪ੍ਰੰਤੂ ਹੁੰਦਾ ਰਹਿੰਦਾ ਹੈ। ਕਦੇ-ਕਦੇ ਲੱਗਦਾ ਹੈ ਕਿ ਸਿਰਫ਼ ਖਾਨਾਪੂਰਤੀ ਲਈ ਇਨਾਮਾਂ ਦੀ ਮੁੱਢਲੀ ਪ੍ਰਕਿਰਿਆ ਕੀਤੀ ਜਾਂਦੀ ਹੈ। ਜਿਸ ਨੂੰ ਇਨਾਮ ਦੇਣਾ ਹੋਵੇ, ਉਸ ਬਾਰੇ ਪਹਿਲਾਂ ਹੀ ਨਿਰਣੈ ਕਰ ਲਿਆ ਜਾਂਦਾ ਹੈ। ਜਿਵੇਂ ਸਰਕਾਰੀ ਵਿਭਾਗ ਵਿੱਚ ਕਿਸੇ ਨੌਕਰੀ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ, ਪਰ ਜਿਸ ਨੂੰ ਰੱਖਣਾ ਹੋਵੇ, ਉਸ ਨੂੰ ਘਰੇ ਬੈਠੇ ਨੂੰ ਪਤਾ ਹੁੰਦਾ ਹੈ। ਤੁਸੀਂ ਬਤੌਰ ਜੱਜ ਇਸ ਬਾਰੇ ਕੀ ਸੋਚਦੇ ਹੋ।
– ਪੰਜਾਬੀ ਫ਼ਿਕਸ਼ਨ ਦੇ ਇਨਾਮ ਲਹਿੰਦੇ ਪੰਜਾਬ ਵਿੱਚ ਨਾ ਹੋਣ ਬਰਾਬਰ ਨੇ। ਪਲਾਕ ਅਵਾਰਡ, ਅਕੈਡਮੀ ਆਫ਼ ਲੈਟਰਜ਼ ਅਵਾਰਡ ਤੇ ਪਾਕਿਸਤਾਨ ਰਾਈਟਰਜ਼ ਗਿਲਡ ਅਵਾਰਡ ਸਾਡੇ ਪਾਸੇ ਦੇ ਵੱਡੇ ਇਨਾਮ ਨੇ। ਕੋਈ ਇਨਾਮ ਲਿਖਾਰੀ ਦਾ ਨਾਂ ਉੱਚਾ ਕਰਨ ਦਾ ਸਬੱਬ ਨਹੀਂ ਬਣਦਾ। ਲਹਿੰਦੇ ਪੰਜਾਬ ਦੇ ਇਹ ਅਵਾਰਡ ਪੈਸੇ-ਧੇਲੇ ਦੇ ਹਿਸਾਬ ਨਾਲ਼ ਨਿੱਕੇ ਸਹੀ ਪਰ ਲਿਖਾਰੀ ਨੂੰ ਚੰਗਾ ਲਿਖਣ ਦੀ ਪ੍ਰੇਰਨਾ ਜ਼ਰੂਰ ਦਿੰਦੇ ਨੇ। ਇਨਾਮ ਦੇਣ ਦਾ ਇਹ ਸਿਲਸਿਲਾ ਕਦੇ ਚੱਲ ਪੈਂਦਾ ਏ ਤੇ ਕਦੇ ਟੁੱਟ ਜਾਂਦਾ ਏ। ਇਨਾਮ ਦਾ ਫ਼ੈਸਲਾ ਕਰਨ ਵਾਲੀ ਜਿਊਰੀ ਭਾਵੇਂ ਪੱਖ ਮਾਰਦੀ ਏ ਪਰ ਫ਼ਿਰ ਵੀ ਇਨਾਮ ਕਿਸੇ ਲਿਖਾਰੀ ਨੂੰ ਈ ਮਿਲਦਾ ਏ। ਪੰਜਾਬੀ ਸਾਹਿਤ ਦਾ ਵੱਡਾ ਇਨਾਮ ਬੇਸ਼ੱਕ ਢਾਹਾਂ ਪ੍ਰਾਈਜ਼ ਹੀ ਏ। ਹਰ ਵਰ੍ਹੇ ਕਿਤਾਬਾਂ ਦੀ ਚੋਣ ਉੱਤੇ ਇਹਦੀ ਜਿਊਰੀ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਨੇ। ਇਹ ਗੱਲਾਂ ਇਨਾਮ ਨੂੰ ਹੋਰ ਵੀ ਉੱਚਾ ਕਰਦੀਆਂ ਨੇ। ਦੁਨੀਆ ਦੇ ਸਾਰੇ ਵੱਡੇ ਇਨਾਮਾਂ ਬਾਰੇ ਇਹੋ ਜਿਹੇ ਵਿਤਕਰੇ ਤਾਂ ਰਹਿੰਦੇ ਈ ਨੇ। ਢਾਹਾਂ ਜਿਊਰੀ ਦੇ ਫ਼ੈਸਲੇ ਉੱਤੇ ਕੁੱਝ ਲੋਕਾਂ ਦਾ ਅਸਰ ਹੈ ਜਿਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਮੈਂ ਆਪਣੇ ਪਾਸੇ ਦਾ ਮਾਹੌਲ ਵੇਖਦਿਆਂ ਆਖ ਸਕਦਾ ਹਾਂ। ਢਾਹਾਂ ਪਰਿਵਾਰ ਨੇ ਇੱਧਰੋਂ ਕਿਸੇ ਉੱਤੇ ਵਿਸ਼ਵਾਸ ਕਰਨਾ ਹੁੰਦਾ ਏ ਤੇ ਇਹੀ ਭਰੋਸਾ ਕਿਸੇ ਖ਼ਾਸ ਟੋਲੀ ਨੂੰ ਆਪਣੀ ਮਨ ਮਰਜ਼ੀ ਦੇ ਫ਼ੈਸਲੇ ਲੈਣ ਵਿੱਚ ਮਦਦ ਕਰਦਾ ਏ। ਢਾਹਾਂ ਪਰਿਵਾਰ ਦੀ ਸਾਹਿਤ ਨਾਲ਼ ਸ਼ਾਇਦ ਕੋਈ ਜ਼ਾਤੀ ਜੁੜਤ ਅਜਿਹੀ ਨਹੀਂ ਕਿ ਉਹ ਆਪ ਵੀ ਸਾਹਿਤ ਪੜ੍ਹਦੇ ਹੋਣ। ਢਾਹਾਂ ਜਿਊਰੀ ਦੇ ਮੈਂਬਰ ਆਮ ਤੌਰ ਤੇ ਫ਼ਿਕਸ਼ਨ ਦੇ ਅਸਲੀ ਰੀਡਰ ਨਹੀਂ ਹੁੰਦੇ। ਸਿਰਫ਼ ਡਿਗਰੀ ਲੈਣ ਨਾਲ਼ ਕੋਈ ਸਾਹਿਤ ਨੂੰ ਨਹੀਂ ਸਮਝ ਸਕਦਾ। ਇਹਦੇ ਲਈ ਦੁਨੀਆ ਭਰ ਦੇ ਸਮਕਾਲੀ ਸਾਹਿਤ ਨੂੰ ਪੜ੍ਹਿਆ ਹੋਣਾ ਜ਼ਰੂਰੀ ਏ ਤੇ ਇਹ ਕੰਮ ਸਾਡੇ ਪਾਸੇ ਤਾਂ ਬਹੁਤ ਘੱਟ ਏ। ਲਿਖਾਰੀ ਨੂੰ ਵੀ ਰੁਪਏ-ਪੈਸੇ ਦੀ ਲੋੜ ਹੁੰਦੀ ਏ ਪਰ ਇਨਾਮ ਪਾਰੋਂ ਲਿਖਾਰੀਆਂ ਨੂੰ ਸੌ ਗੱਲਾਂ ਸੁਣਨੀਆਂ ਪੈਂਦੀਆਂ ਨੇ। ਹਰ ਕੋਈ ਲਿਖਾਰੀ ਨੂੰ ਉੱਚ ਪੱਧਰ ਉੱਤੇ ਰੱਖ ਕੇ ਇਨਾਮ ਦੀ ਆਸ਼ਾ ਨੂੰ ਗ਼ਲਤ ਈ ਸਮਝਦਾ ਏ। ਇਹ ਸਭ ਜਾਣਦੇ ਹੋਏ ਵੀ ਕਿ ਇੱਕ ਲਿਖਾਰੀ ਆਪਣੀ ਕਿਤਾਬ ਨੂੰ ਆਪਣੇ ਖ਼ਰਚੇ ਉੱਤੇ ਛਪਵਾ ਕੇ ਇਨਾਮ ਲਈ ਘੱਲੇ ਤੇ ਅੱਗੋਂ ਧਰੋਹ ਹੋ ਜਾਵੇ ਤਾਂ ਉਹਦਾ ਕੀ ਹਾਲ ਹੋਵੇਗਾ? ਕਈ ਲਿਖਾਰੀ ਇੱਕ ਕਿਤਾਬ ਛਪਵਾ ਕੇ ਇਨਾਮ ਲੈ ਲੈਂਦੇ ਨੇ ਤੇ ਫ਼ਿਰ ਲਿਖਣਾ ਈ ਭੁੱਲ ਜਾਂਦੇ ਨੇ। ਇੱਕ ਚੰਗੇ ਲਿਖਾਰੀ ਦਾ ਮਨ ਸਾੜਨ ਲਈ ਇਸ ਤੋਂ ਵੱਡੀ ਗੱਲ ਕੀ ਹੋਵੇਗੀ ਕਿ ਉਹਦੀ ਕਿਤਾਬ ਨੂੰ ਉਹ ਲੋਕ ਜੱਜ ਕਰਨ ਜਿਨ੍ਹਾਂ ਦਾ ਸਾਹਿਤ ਬਾਰੇ ਕੁੱਲ ਗਿਆਨ, ਸਕੂਲ-ਕਾਲਜ ਦੀਆਂ ਚੰਦ ਗਾਈਡਾਂ ਉੱਤੇ ਨਿਰਭਰ ਹੁੰਦਾ ਏ। ਇੱਥੇ ਪੱਖਪਾਤ ਜਿਹੀ ਬਿਮਾਰੀ ਵੀ ਮੌਜੂਦ ਏ ਜਿਹਦਾ ਕੋਈ ਹੱਲ ਨਹੀਂ। ਮੈਨੂੰ ਚੜ੍ਹਦੇ ਪੰਜਾਬ ਦਾ ਇਲਮ ਨਹੀਂ ਪਰ ਸਾਡੇ ਪਾਸੇ ਇਹੋ ਪਿੱਟ ਸਿਆਪਾ ਏ। ਹੋ ਸਕਦਾ ਏ ਕਿ ਇਹ ਗੱਲ ਗ਼ਲਤ ਹੋਵੇ ਪਰ ਮੈਨੂੰ ਲੱਗਦਾ ਕਿ ਅੱਜ ਦੇ ਪੂੰਜੀਪਤੀ ਸਮਾਜ ਵਿੱਚ ਅਮੀਰ ਲੋਕ ਲਿਖਾਰੀਆਂ ਨੂੰ ਵਸਤ ਸਮਝਦੇ ਨੇ। ਵਸਤ-ਪੂਜਣ ਨੇ ਲਿਖਾਰੀਆਂ ਨੂੰ ਮਾਲ ਬਣਾ ਦਿੱਤਾ ਏ। ਲਿਖਾਰੀ ਉਹ ਕੁੱਝ ਲਿਖਦੇ ਨੇ ਜਿਹੜਾ ਇਨਾਮ ਦੇਣ ਵਾਲੇ ਉਨ੍ਹਾਂ ਕੋਲੋਂ ਲਿਖਵਾਉਣਾ ਚਾਹੁੰਦੇ ਨੇ। ਲਿਖਾਰੀ ਦੀ ਆਪਣੀ ਜ਼ਾਤ ਤੇ ਉਹਦੇ ਖ਼ਿਆਲਾਂ ਦੀ ਬਜਾਏ ਮਾਰਕੀਟ ਦੀ ਗੱਲ ਦਾ ਜ਼ੋਰ ਹੁੰਦਾ ਏ। ਲਿਖਾਰੀ ਇੱਕ ਮਸ਼ੀਨ ਵਾਂਗ ਖ਼ਾਸ ਤਰ੍ਹਾਂ ਦਾ ਸਾਹਿਤ ਲਿਖ ਕੇ ਸਮਝੌਤਾ ਕਰਦਾ ਏ। ਇਨਾਮ ਦੇਣ ਵਾਲੇ ਅਮੀਰ ਲੋਕ ਮਾੜੇ ਲਿਖਾਰੀਆਂ ਦੀ ਇਨਾਮ ਦੇ ਕੇ ਮਦਦ ਕਰਨ ਰਾਹੀਂ ਆਪਣੇ ਆਪ ਨੂੰ ਮਹਾਨ ਵੀ ਸਿੱਧ ਕਰ ਲੈਂਦੇ ਨੇ। ਧਰਮ ਨੂੰ ਇਸਤੇਮਾਲ ਕਰਨ ਵਾਲੇ ਵੀ ਤਾਂ ਇਹੋ ਸੋਚ ਰੱਖਦੇ ਨੇ। ਲਿਖਾਰੀ ਜੇ ਕਰ ਇਨਾਮ ਨੂੰ ਮੁੱਖ ਰੱਖ ਕੇ ਫ਼ਿਕਸ਼ਨ ਲਿਖੇਗਾ, ਫ਼ਿਰ ਸ਼ਾਇਦ ਇਨਾਮ ਤਾਂ ਲੱਭ ਜਾਏ ਪਰ ਲਿਖਾਰੀ ਦਾ ਨਾਂ ਡੁੱਬ ਜਾਵੇਗਾ। ਲਿਖਾਰੀ ਨੂੰ ਇਨਾਮ ਦੇ ਲੋਭ ਅਤੇ ਲਾਲਸਾ ਤੋਂ ਬਗ਼ੈਰ ਲਿਖਣਾ ਚਾਹੀਦਾ ਏ। ਹੋ ਸਕਦਾ ਏ ਕਿ ਕਦੇ ਇਨਾਮ ਵੀ ਲੱਭ ਜਾਵੇ। ਇੰਝ ਉਹਦੀ ਲਿਖਤ ਵੀ ਬੱਚੀ ਰਹੇਗੀ।
? ਸੁਣਿਆ ਹੈ ਕਿ ਢਾਹਾਂ ਇਨਾਮ ਕਰਕੇ ਉਰਦੂ ਫ਼ਿਕਸ਼ਨ ਰਾਈਟਰ, ਉਰਦੂ ਵਿੱਚ ਕਈ-ਕਈ ਕਿਤਾਬਾਂ ਲਿਖਣ ਤੋਂ ਬਾਅਦ ਹੁਣ ਪੰਜਾਬੀ ਫ਼ਿਕਸ਼ਨ ਵੱਲ ਮੁੜ ਰਹੇ ਨੇ, ਇਹਨੂੰ ਲੋਭ ਕਹਾਂਗੇ ਜਾਂ ਮਾਂ ਬੋਲੀ ਦਾ ਹੇਜ।
– ਅਜਿਹੇ ਉਰਦੂ ਲਿਖਾਰੀਆਂ ਦੇ ਪੰਜ ਨਾਂ ਤਾਂ ਮੈਂ ਤੁਹਾਨੂੰ ਗਿਣਵਾ ਸਕਦਾ ਹਾਂ ਜੋ ਪੰਜਾਬੀ ਵਿੱਚ ਨਾਵਲ ਲਿਖੀ ਬੈਠੇ ਨੇ। ਜੋ ਅਗਲੇ ਕੁੱਝ ਵਰ੍ਹਿਆਂ ਵਿੱਚ ਵਾਰੀ-ਵਾਰੀ ਪਿੜ ਵਿੱਚ ਉੱਤਰਨਗੇ। ਇਹ ਇਨਾਮ ਦਾ ਲੋਭ ਹੈ ਜਾਂ ਪੰਜਾਬੀ ਦਾ ਹੇਜ? ਮੈਂ ਇਹਦੇ ਬਾਰੇ ਕੁੱਝ ਨਹੀਂ ਆਖ ਸਕਦਾ। ਪਰ ਅਜਿਹੇ ਲਿਖਾਰੀਆਂ ਕੋਲੋਂ ਇਹ ਪੁੱਛਣਾ ਤਾਂ ਬਣਦਾ ਏ ਕਿ ਮਾਂ ਬੋਲੀ ਨੂੰ ਉਨ੍ਹਾਂ ਪਹਿਲ ਕਿਉ ਨਹੀਂ ਦਿੱਤੀ ਸੀ?
? ਲੇਖਕ ਹੋਣ ਵਜੋਂ ਤੁਹਾਡੀ ਨੌਕਰੀ ਜਾਂ ਘਰੋਕੀ ਜੀਵਨ ਉੱਤੇ ਕੋਈ ਅਸਰ।
– ਨੌਕਰੀ ਨਾਲ਼ ਮੇਰੀ ਰੋਜ਼ੀ-ਰੋਟੀ ਚੱਲਦੀ ਏ, ਇਸ ਲਈ ਮੈਨੂੰ ਆਪਣੀਆਂ ਕਿਤਾਬਾਂ ਤੋਂ ਪੈਸੇ ਕਮਾਉਣ ਦੀ ਕੋਈ ਫ਼ਿਕਰ ਨਹੀਂ। ਫ਼ਿਕਸ਼ਨ ਪੜ੍ਹਨਾ ਤੇ ਲਿਖਣਾ ਮੇਰਾ ਸ਼ੌਕ ਬਣ ਗਿਆ ਏ। ਇਹ ਨਸ਼ੇ ਵਾਂਗ ਏ। ਕਿਸੇ ਵੀ ਪ੍ਰੋਫ਼ੈਸ਼ਨ ਵਿੱਚ ਕੰਮ ਕਰਦੇ ਹੋਏ ਬੰਦੇ ਨੂੰ ਕੋਈ ਭਟਕਾਉਣ ਵਾਲਾ ਕੰਮ ਵੀ ਚਾਹੀਦਾ ਏ ਤਾਂ ਜੋ ਅਕੇਵੇਂ ਤੋਂ ਬਚਿਆ ਜਾ ਸਕੇ। ਅਦਾਲਤੀ ਕੰਮ ਬੜਾ ਦਬਾ ਵਾਲਾ ਹੁੰਦਾ ਏ। ਇਸ ਦਬਾਓ ਤੋਂ ਬਚਣ ਲਈ ਕੋਈ ਹੋਰ ਕੰਮ ਕਰਨਾ ਬਹੁਤ ਜ਼ਰੂਰੀ ਏ। ਮੈਂ ਆਪਣੇ ਲਈ ਕਿਤਾਬਾਂ ਤੇ ਟੈਨਿਸ ਕੋਰਟ ਨੂੰ ਚੁਣਿਆ ਏ। ਇੱਕ ਕੋਰਟ ਦਾ ਤਣਾਓ ਦੂਜੀ ਕੋਰਟ ਵਿੱਚ ਜਾ ਕੇ ਮੁੱਕ ਜਾਂਦਾ ਏ। ਇਹਦੇ ਨਾਲ਼ ਪੜ੍ਹਨਾ ਲਿਖਣਾ ਅੱਯਾਸ਼ੀ ਬਣ ਜਾਂਦੀ ਏ। ਲੋਕੀਂ ਮੈਨੂੰ ਨਿਚਿੰਤ ਵੇਖ ਕੇ ਹੈਰਾਨ ਹੁੰਦੇ ਨੇ। ਮੈਂ ਹਯਾਤੀ ਦੇ ਬਹੁਤ ਸਾਰੇ ਰੱਫੜਾਂ ਤੋਂ ਆਜ਼ਾਦ ਹੋ ਗਿਆ ਹਾਂ। ਇਹਦੇ ਨਾਲ਼ ਇੱਕ ਚੋਖਾ ਗੰਭੀਰ ਮਸਲਾ ਵੀ ਜਨਮ ਲੈ ਲੈਂਦਾ ਏ। ਲਿਖਾਰੀ ਆਪਣਾ ਕੰਮ ਉਦੋਂ ਈ ਕਰ ਸਕਦਾ ਏ ਜਦੋਂ ਉਹਦੀ ਫੈਮਲੀ ਉਹਨੂੰ ਸਪੇਸ ਦੇਵੇ। ਜੇ ਉੱਥੋਂ ਸਪੇਸ ਨਾ ਲੱਭੇ ਤਾਂ ਫ਼ਿਰ ਰੌਲ਼ੇ ਈ ਰੌਲ਼ੇ ਹੁੰਦੇ ਨੇ। ਮੈਨੂੰ ਕਈ ਵਾਰ ਇੰਝ ਲੱਗਾ ਏ ਜਿਵੇਂ ਮੇਰਾ ਵਿਆਹ ਬਸ ਟੁੱਟਣ ਈ ਲੱਗਾ ਸੀ। ਇੰਝ ਦੇ ਹਾਲਾਤ ਵਿੱਚ ਲਿਖਣਾ-ਪੜ੍ਹਨਾ ਔਖਾ ਹੋ ਜਾਂਦਾ ਏ ਤੇ ਫ਼ਿਰ ਆਪਣੇ ਘਰੋਕੀ ਜੀਵਨ ਦੀ ਕੀਮਤ ਉੱਤੇ ਈ ਇਹ ਕੰਮ ਕੀਤਾ ਜਾ ਸਕਦਾ ਏ। ਪਤਾ ਨਹੀਂ ਹਯਾਤੀ ਵਿੱਚ ਕਿਹੜੀ ਸ਼ੈ ਅਹਿਮ ਏ।
? ਕੀ ਤੁਸੀਂ ਮੋਪਾਸਾਂ ਦੀ ਕਹਾਣੀ ‘ਡਾਇਰੀ ਆਫ਼ ਏ ਮੈਡਮੈਨ’ ਪੜ੍ਹੀ ਹੈ।
– (ਠਹਾਕਾ) ਹਾ ਹਾ ਹਾ! ਹਾਂ। ਪਰ ਮੈਂ ਉਸ ਕਹਾਣੀ ਦੇ ਮੁੱਖ ਪਾਤਰ ਵਰਗਾ ਜੱਜ ਨਹੀਂ।
? ਸਾਹਿਤ ਅਤੇ ਕਾਨੂੰਨ ਦੇ ਤਾਅਲੁੱਕ ਬਾਰੇ ਵੀ ਕੁੱਝ ਦੱਸੋ ਤੇ ਤੁਸੀਂ ਕਿਵੇਂ ਇਹ ਤਾਅਲੁੱਕ ਨਿਭਾ ਰਹੇ ਹੋ।
– ਸਾਹਿਤ ਵਿੱਚ ਮੇਰੀ ਦਿਲਚਸਪੀ ਕਾਨੂੰਨ ਦੀ ਡਿਗਰੀ ਲੈਣ ਤੋਂ ਪਹਿਲਾਂ ਦੀ ਸੀ ਪਰ ਮੈਨੂੰ ਇਨ੍ਹਾਂ ਦੋਵਾਂ ਦੀ ਸਾਂਝ ਦਾ ਇਲਮ ਨਹੀਂ ਸੀ। ਲਾਅ ਕਾਲਜ ਦੇ ਤਿੰਨ ਸਾਲਾਂ ਵਿੱਚ ਨਾ ਕਾਨੂੰਨ ਤੇ ਨਾ ਈ ਸਾਹਿਤ ਬਾਰੇ ਕਿਸੇ ਨੇ ਦੱਸਿਆ। ਮੈਂ ਜਦੋਂ ਲਾਹੌਰ ਵਿੱਚ ਵਕਾਲਤ ਸ਼ੁਰੂ ਕੀਤੀ ਤਾਂ ਲਾਰਡ ਡੈਨਿੰਗ ਦਾ ਨਾਂ ਸੁਣਿਆ। ਉਹਦੀਆਂ ਲਿਖੀਆਂ ਕਿਤਾਬਾਂ ਮੁੱਲ ਲੈ ਕੇ ਪੜ੍ਹੀਆਂ। ਲਾਰਡ ਡੈਨਿੰਗ ਦੁਨੀਆ ਦੇ ਵੱਡੇ ਤੇ ਮਸ਼ਹੂਰ ਜੱਜ ਸਨ। ਉਨ੍ਹਾਂ ਲਿਖਿਆ ਸੀ ਕਿ ਜਿਸ ਵੀ ਕਾਨੂੰਨ ਦੇ ਸ਼ੋਅਬੇ ਵਿੱਚ ਪੈਰ ਰੱਖਣੇ ਨੇ ਉਹ ਕਾਨੂੰਨ, ਸੋਸ਼ੀਆਲੋਜੀ, ਸਾਹਿਤ ਅਤੇ ਹੈਨਸਾਰ (ਪਾਰਲੀਮੈਂਟ ਦੀਆਂ ਬਹਿਸਾਂ ਤੇ ਕਾਰਵਾਈਆਂ ਦੀ ਸਰਕਾਰੀ ਤੌਰ ਤੇ ਛਪਦੀ ਦਸਤਾਵੇਜ਼) ਨੂੰ ਜ਼ਰੂਰ ਪੜ੍ਹੇ। ਲਾਰਡ ਡੈਨਿੰਗ, ਸ਼ੈਕਸਪੀਅਰ ਤੇ ਚਾਰਲਸ ਡਿਕਨਜ਼ ਦਾ ਚੋਖਾ ਨਾਂ ਲੈਂਦੇ ਸਨ। ਚਾਰਲਸ ਡਿਕਨਜ਼ ਦੇ ਨਾਵਲ ‘ਪਿਕਵਿਕ ਪੇਪਰਜ਼’ ਤੇ ‘ਬਲੈਕ ਹਾਊਸ’ ਉਨ੍ਹਾਂ ਦੇ ਮਨ ਭਾਉਦੇ ਨਾਵਲ ਸਨ। ਮੈਂ ਲਾਰਡ ਡੈਨਿੰਗ ਪਾਰੋਂ ਈ ਉਹ ਦੋਵੇਂ ਨਾਵਲ ਪੜ੍ਹੇ। ਇਹ ਨਾਵਲ 19ਵੀਂ ਸਦੀ ਦੇ ਇੰਗਲੈਂਡ ਦੇ ਅਦਾਲਤੀ ਨਿਜ਼ਾਮ ਉੱਤੇ ਨੇ। ਸਾਡੇ ਦੇਸ਼ਾਂ ਵਿੱਚ ਉਹੋ ਨਿਜ਼ਾਮ ਚੱਲ ਰਿਹਾ ਏ ਜਿਹੜਾ ਚਾਰਲਸ ਡਿਕਨਜ਼ ਦੇ ਇਨ੍ਹਾਂ ਨਾਵਲਾਂ ਵਿੱਚ ਵਿਖਾਇਆ ਗਿਆ ਏ। ਸ਼ੈਕਸਪੀਅਰ ਦੀ ਅੰਗਰੇਜ਼ੀ ਮੈਨੂੰ ਬਹੁਤ ਔਖੀ ਲੱਗਦੀ ਸੀ। ਸਾਹਿਤ ਤੇ ਕਾਨੂੰਨ ਦੇ ਅਸਲ ਸੰਬੰਧ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਅਮਰੀਕਾ ਦੀ ਫ਼ੈਡਰਲ ਅਪੀਲ ਅਦਾਲਤ ਦੇ ਜੱਜ ਰਿਚਰਡ ਪੋਜ਼ਨਰ ਦੀ ਕਿਤਾਬ ‘ਲਾਅ ਐਂਡ ਲਿਟਰੇਚਰ’ ਪੜ੍ਹੀ। ਇਸ ਕਿਤਾਬ ਵਿੱਚ ਉਨ੍ਹਾਂ ਸਾਰਿਆਂ ਨਾਵਲਾਂ ਦਾ ਜ਼ਿਕਰ ਸੀ ਜਿਨ੍ਹਾਂ ਵਿੱਚ ਜੁਰਮ ਤੇ ਸਜ਼ਾ ਦੀ ਕਹਾਣੀ ਸੀ। ਕਾਫ਼ਕਾ ਦਾ ਨਾਵਲ ‘ਟਰਾਇਲ’ ਅਲਬੇਰ ਕਾਮੂ ਦਾ ‘ਦੀ ਸਟ੍ਰੇਂਜਰ’ ਤੇ ਸਤੇਂਦਾਲ ਦਾ ‘ਰੇੱਡ ਐਂਡ ਬਲੈਕ’ ਨਾਵਲ ਮੈਂ ਰਿਚਰਡ ਪੋਜ਼ਨਰ ਦੇ ਮਸ਼ਵਰੇ ਨੂੰ ਮੰਨ ਕੇ ਪੜ੍ਹੇ। ਇਹ ਨਾਵਲ ਸ਼ਾਹਕਾਰ ਨੇ। ਜੱਜ ਰਿਚਰਡ ਪੋਜ਼ਨਰ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਕਿਉਜੋ ਕਾਨੂੰਨ ਦੇ ਨਾਲ਼ ਉਨ੍ਹਾਂ ਮੈਨੂੰ ਚੰਗੇ ਨਾਵਲ ਪੜ੍ਹਨ ਲਈ ਦੱਸੇ। ਅਦਾਲਤੀ ਫ਼ੈਸਲਿਆਂ ਵਿੱਚ ਸਾਹਿਤ ਦੀ ਜ਼ੁਬਾਨ ਵਰਤਣ ਦਾ ਪੁਰਾਣਾ ਰਿਵਾਜ ਏ। ਮੈਂ ਵੀ ਆਪਣੀ ਅੰਗਰੇਜ਼ੀ ਜ਼ੁਬਾਨ ਨੂੰ ਵਧੀਆ ਕਰਨ ਲਈ ਇਹ ਨਾਵਲ ਪੜ੍ਹੇ ਸਨ ਪਰ ਇਨ੍ਹਾਂ ਨਾਵਲਾਂ ਨੇ ਮੇਰੇ ਉੱਤੇ ਇੱਕ ਨਵੀਂ ਦੁਨੀਆ ਖੋਲ੍ਹ ਦਿੱਤੀ। ਹਰਮਨ ਮੈਲਵਿਲ ਦਾ ‘ਬਿੱਲੀ ਬੁੱਡ’, ਦਾਸਤੋਵਸਕੀ ਦਾ ਨਾਵਲ ‘ਕਰਾਮਾਜ਼ੋਵ ਬ੍ਰਦਰਜ਼’ ਤੇ ਹਾਰਪਰ ਲੀ ਦਾ ਨਾਵਲ ‘ਟੁ ਕਿੱਲ ਏ ਮੌਕਿੰਗ ਬਰਡ’ ਹਰ ਵਕੀਲ ਤੇ ਜੱਜ ਨੂੰ ਜ਼ਰੂਰ ਪੜ੍ਹਨੇ ਚਾਹੀਦੇ ਨੇ। ਮੈਂ ਸਮਝਦਾ ਹਾਂ ਕਿ ਇਹ ਨਾਵਲ ਕਾਨੂੰਨ ਦੇ ਸਿਲੇਬਸ ਦਾ ਵੀ ਹਿੱਸਾ ਬਣਨੇ ਚਾਹੀਦੇ ਹਨ। ਸਾਹਿਤ, ਕਾਨੂੰਨ ਨੂੰ ਇਨਸਾਨੀਅਤ ਸਿਖਾ ਸਕਦਾ ਏ। ਹਾਰਪਰ ਲੀ ਦੇ ਨਾਵਲ ਉੱਤੇ ਬਣੀ ਫ਼ਿਲਮ ਵੀ ਵਧੀਆ ਏ। ਸ਼ੈਕਸਪੀਅਰ ਦੇ ਨਾਟਕ ‘ਮੇਅਰ ਫ਼ਾਰ ਮੇਅਰ’ ਤੇ ‘ਦ ਮਰਚੈਂਟ ਆਫ਼ ਵੇਨਿਸ’ ਆਪਣੀ ਮਿਸਾਲ ਆਪ ਨੇ। ‘ਮੇਅਰ ਫ਼ਾਰ ਮੇਅਰ’ ਇੱਕ ਜੱਜ ਦੀ ਹਯਾਤੀ ਬਾਰੇ ਹੈ। ਮੈਂ ਇਸ ਨਾਟਕ ਨੂੰ ਬਹੁਤ ਵੱਧ ਨੰਬਰ ਦੇਵਾਂਗਾ। ਮੈਨੂੰ ਇਹ ਬਹੁਤ ਪਸੰਦ ਏ। ਜੱਜ ਰਿਚਰਡ ਪੋਜ਼ਨਰ ਇਸ ਨਾਟਕ ਦੇ ਇੱਕ ਫ਼ਿਕਰੇ ਦਾ ਬੜਾ ਹਵਾਲਾ ਦਿੰਦੇ ਨੇ: ‘‘ਇੱਟ ਇਜ਼ ਗੁੱਡ ਟੁ ਹੈਵ ਗੇਂਟਸ ਸਟ੍ਰੈਂਗਥ ਬੱਟ ਇੱਟ ਇਜ਼ ਟਿਰੰਨਾਊਸ ਟੁ ਯੂਜ਼ ਇੱਟ ਲਾਇੱਕ ਆ ਗੇਂਟ।’’
ਸ਼ਾਇਦ ਲਾਰਡ ਐਕਟਨ ਨੇ ਸ਼ੈਕਸਪੀਅਰ ਤੋਂ ਈ ਮੁਤਾਸਿਰ ਹੋ ਕੇ ਆਖਿਆ ਸੀ ਕਿ; ‘‘ਪਾਵਰ ਕਰੱਪਟਸ; ਅਬਸੋਲੁਟ ਪਾਵਰ ਕਰੱਪਟਸ ਅਬਸੋਲੁਟਲੀ।’’
ਪੱਛਮ ਵਿੱਚ ਲਿਖੇ ਜਾ ਰਹੇ ਅੱਜ ਦੇ ਸਾਹਿਤ ਦਾ ਅਦਾਲਤੀ ਟਰਾਇਲ ਵਿਸ਼ਾ ਬਣਦਾ ਰਹਿੰਦਾ ਏ।
? ਟੀ ਐਸ ਈਲੀਅਟ ਦਾ ਕਹਿਣਾ ਹੈ ਕਿ ਲੇਖਕ ਜੋ ਲਿਖਦਾ ਹੈ ਉਸ ਨੂੰ ਆਲੋਚਕ ਪੂਰੀ ਤਰ੍ਹਾਂ ਸਮਝਾ ਨਹੀਂ ਸਕਦਾ। ਉਹ ਟਪਲੇ ਬਾਜ਼ੀ ਲਾਉਦਾ ਏ। ਤੁਸੀਂ ਆਲੋਚਨਾ ਬਾਰੇ ਕੀ ਸੋਚਦੇ ਹੋ।
– ਇਸ ਸਵਾਲ ਦਾ ਸੰਬੰਧ ਮੇਰੇ ਕਿੱਤੇ ਨਾਲ਼ ਵੀ ਹੈ, ਇਸ ਲਈ ਇਹ ਬਹੁਤ ਅਹਿਮ ਸਵਾਲ ਏ। ਜਿੱਥੋਂ ਤੱਕ ਟੀ ਐਸ ਈਲੀਅਟ ਦੀ ਗੱਲ ਏ, ਮੈਨੂੰ ਜਾਪਦਾ ਕਿ ਜਿਵੇਂ ਉਸ ਨੇ ਇਹ ਗੱਲ ਸ਼ਾਇਦ ਜੇਮਜ਼ ਜੋਆਇਸ ਦੇ ਨਾਵਲ ਓੁੱਤੇ ਹੋਈ ਆਲੋਚਨਾ ਦੇ ਜਵਾਬ ਵਿੱਚ ਆਖੀ ਸੀ। ਕਿਉਜੋ ‘ਯੂਲੀਸਸ’ ਇੱਕ ਅਜਿਹਾ ਨਾਵਲ ਏ ਜਿਸ ਨੇ ਜ਼ੁਬਾਨ ਅਤੇ ਬਿਆਨ ਦੀ ਹੱਦ ਨੂੰ ਪਾਰ ਕਰ ਕੇ ਇੱਕ ਨਵਾਂ ਤਜਰਬਾ ਕੀਤਾ ਸੀ। ਇਸ ਨਾਵਲ ਨੂੰ ਸਮਝਣਾ ਔਖਾ ਕੰਮ ਸੀ ਤੇ ਅੱਜ ਵੀ ਪਾਠਕ ਇਹਨੂੰ ਸਮਝਣ ਲਈ ਬਹੁਤ ਵੇਲ਼ਾ ਟੱਪਾ ਦਿੰਦੇ ਨੇ। ਇਹ ਨਾਵਲ ਇੱਕ ਤਰ੍ਹਾਂ ਦੀ ਰਿੱਡਲ ਏ। ਇੱਕ ਆਲੋਚਕ ਨੇ ਤਾਂ ਇਹਨੂੰ ਨਿਰਾ ਖਿਲਾਰਾ ਤੇ ਗੰਦ ਆਖ ਦਿੱਤਾ ਸੀ। ਵਰਜੀਨੀਆ ਵੁਲਫ਼ ਨੇ ਵੀ ਇਸ ਨਾਵਲ ਨੂੰ ਪੜ੍ਹ ਕੇ ਤਬਾਹੀ ਤੇ ਆਫ਼ਤ ਜਿਹੇ ਸ਼ਬਦਾਂ ਨਾਲ਼ ਰੱਦ ਕਰ ਦਿੱਤਾ। ਈਲੀਅਟ ਨੂੰ ਫ਼ਿਰ ਆਖਣਾ ਪਿਆ ਕਿ ਕਿਸੇ ਨੂੰ ਜੇ ਇਸ ਨਾਵਲ ਦੀ ਸਮਝ ਨਹੀਂ ਆਈ ਤਾਂ ਇਹਦੇ ਵਿੱਚ ਜੇਮਜ਼ ਜੋਆਇਸ ਦਾ ਕੋਈ ਦੋਸ਼ ਨਹੀਂ।
ਆਲੋਚਨਾ ਦਾ ਕੰਮ ਕਿਸੇ ਵੀ ਲਿਖਤ ਦੀ ਤਸ਼ਰੀਹ (ਵਿਆਖਿਆ) ਕਰ ਕੇ ਉਹਨੂੰ ਸੌਖਾ ਬਣਾ ਕੇ ਪੇਸ਼ ਕਰਨਾ ਏ। ਸਾਹਿਤ ਵਿੱਚ ਇਹ ਕੰਮ ਆਲੋਚਕ ਕਰਦੇ ਨੇ ਤੇ ਕਾਨੂੰਨ ਦੇ ਪਿੜ ਵਿੱਚ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਕਰਦੇ ਹਨ। ਕਾਨੂੰਨ ਬਣਾਉਣਾ ਅਸੈਂਬਲੀ (ਵਿਧਾਨਸਭਾ) ਦਾ ਕੰਮ ਏ। ਅਸੈਂਬਲੀ ਨੇ ਆਈਨ (ਸੰਵਿਧਾਨ) ਬਣਾਇਆ ਸੀ। ਹਿੰਦੁਸਤਾਨ ਦੇ ਆਈਨ ਦੀ ਤਸ਼ਰੀਹ ਕਰਦਿਆਂ ਸੁਪਰੀਮ ਕੋਰਟ ਆਫ਼ ਇੰਡੀਆ ਨੇ ਬੇਸਿਕ ਸਟ੍ਰਕਚਰ ਦੀ ਖੋਜ ਕਰ ਲਈ। ਹੁਣ ਇਸ ਮੁੱਢਲੇ ਢਾਂਚੇ ਦੇ ਖ਼ਿਲਾਫ਼ ਪਾਰਲੀਮੈਂਟ (ਸੰਸਦ) ਵੀ ਆਈਨ ਵਿੱਚ ਤਬਦੀਲੀ ਨਹੀਂ ਕਰ ਸਕਦੀ। ਤਸ਼ਰੀਹ ਦੇ ਨਾਲ਼ ਆਲੋਚਨਾ ਦੀ ਤਾਕਤ ਨੇ ਲੇਖਕਾਂ ਨੂੰ ਬੰਨ੍ਹ ਕੇ ਰੱਖ ਦਿੱਤਾ ਏ। ਸ਼ਬਦਾਂ ਦੇ ਮਤਲਬ ਵੀ ਆਲੋਚਕ ਈ ਦੱਸਣਗੇ। ਇਸ ਲਈ ਸਿਆਣੇ ਆਖਦੇ ਨੇ ਕਿ ਹੂ ਵਿੱਲ ਜੱਜ ਦ ਜੱਜਜ਼ ?
ਸਾਹਿਤ ਦੀ ਆਲੋਚਨਾ ਦਾ ਸਾਡੇ ਕੋਲ਼ ਰਿਵਾਜ ਤਾਂ ਹੈ ਪਰ ਇਹ ਜ਼ੋਰਦਾਰ ਨਹੀਂ ਹੁੰਦੀ, ਜਿੰਨੀ ਕਿ ਯੂਰਪ ਜਾਂ ਲਾਤੀਨੀ ਅਮਰੀਕਾ ਵਿੱਚ ਹੈ। ਉੱਧਰ ਫ਼ਿਕਸ਼ਨ ਦੇ ਲਿਖਾਰੀਆਂ ਤੇ ਆਲੋਚਕਾਂ ਵਿਚਕਾਰ ਘੋਲ਼ ਹੁੰਦਾ ਏ। ਉੱਥੇ ਲਿਖਾਰੀਆਂ ਲਈ ਆਲੋਚਕ ਇੱਕ ਨਿਰੰਤਰ ਤਰੱਠ ਦਾ ਨਾਂ ਏ। ਆਲੋਚਕਾਂ ਨੇ ਸੱਚੀਂ ਕਈ ਲਿਖਾਰੀਆਂ ਨੂੰ ਰੁਆਇਆ ਵੀ ਏ। ਪਰ ਆਲੋਚਕ ਦਾ ਇਹ ਕੰਮ ਨਹੀਂ ਕਿ ਉਹ ਕਿਸੇ ਦੀ ਲਿਖਤ ਨੂੰ ਢਾਹ ਲਾਵੇ। ਉਸ ਦਾ ਕੰਮ ਰਚਨਾ ਦੀ ਵਿਆਖਿਆ ਕਰਨਾ ਏ, ਉਹਨੂੰ ਲੀਰੋਲੀਰ ਕਰਨਾ ਨਹੀਂ। ਹੁਣ ਆਲੋਚਨਾ ਵੀ ਕਲਾ ਬਣ ਗਈ ਏ। ਜੇ ਕਲਾ ਨਹੀਂ ਹੈ ਤਾਂ ਫ਼ਿਰ ਉਹ ਵੀ ਫ਼ਜ਼ੂਲ ਤੇ ਗੰਦ ਏ। ਆਲੋਚਨਾ ਦਾ ਕੰਮ ਫ਼ਿਕਸ਼ਨ ਲਿਖਣ ਤੋਂ ਵੀ ਔਖਾ ਏ। ਇਹਦੇ ਲਈ ਚੋਖਾ ਪੜ੍ਹਨਾ ਪੈਂਦਾ ਏ। ਆਲੋਚਕ ਬਣਨ ਲਈ ਯਾਕ ਲਾਕਾਂ (ਫਰਾਂਸਿਸੀ ਮਨੋਵਿਗਿਆਨੀ) ਜਿਹੇ ਦਿਮਾਗ਼ ਦੀ ਲੋੜ ਹੁੰਦੀ ਏ ਜਿਹੜਾ ਮਨੋਵਿਸ਼ਲੇਸ਼ਨ ਕਰ ਸਕੇ। ਆਲੋਚਕ ਭਾਵੇਂ ਲਿਖਾਰੀ ਦੀ ਸੋਚ ਦੀ ਪੂਰੀ ਖੋਜ ਨਾ ਵੀ ਕਰੇ ਪਰ ਉਹ ਲਿਖਤ ਦੀ ਪਰਖ ਜ਼ਰੂਰ ਕਰ ਸਕਦਾ ਏ। ਫ਼ਰਾਂਜ਼ ਕਾਫ਼ਕਾ ਨੂੰ ਆਪਣੇ ਸਮੇਂ ਵਿੱਚ ਨਾਮਣਾ ਨਹੀਂ ਮਿਲੀ ਪਰ ਉਹਨੂੰ ਆਲੋਚਕਾਂ ਨੇ ਈ ਮਗਰੋਂ ਪ੍ਰਸਿੱਧ ਕੀਤਾ। ਕੁੱਝ ਲਿਖਾਰੀ ਆਪਣੇ ਵੇਲੇ ਤੋਂ ਅੱਗੇ ਨਿਕਲ ਜਾਂਦੇ ਨੇ ਤੇ ਸਮਕਾਲੀ ਪਾਠਕਾਂ ਨੂੰ ਉਨ੍ਹਾਂ ਦੀ ਸਮਝ ਨਹੀਂ ਆਉਦੀ। ਇਸੇ ਤਰ੍ਹਾਂ ਵਾਲਤਰ ਬੇਨਿਆਮਿਨ ਨੇ ਜਦੋਂ ਆਲੋਚਨਾ ਲਿਖਣੀ ਸ਼ੁਰੂ ਕੀਤੀ ਤਾਂ ਉਹ ਵੀ ਆਪਣੇ ਵੇਲੇ ਤੋਂ ਬਹੁਤ ਅੱਗੇ ਸੀ। ਵਾਲਤਰ ਬੇਨਿਆਮਿਨ ਜਿਹੇ ਆਲੋਚਕਾਂ ਨੇ ਇਸ ਕਲਾ ਨੂੰ ਸਾਹਿਤ ਦਾ ਹਮ-ਪੱਲਾ ਬਣਾ ਦਿੱਤਾ ਏ। ਹੈਰੋਲਡ ਬਲੂਮ ਤੇ ਜ਼ੇਮਜ਼ ਵੁੱਡ ਜਿਹੇ ਆਲੋਚਕਾਂ ਨੇ ਸਾਹਿਤ ਨੂੰ ਜਿੱਥੇ ਉੱਚੀ ਥਾਂ ਦਿੱਤੀ ਏ, ਓਥੇ ਉਹ ਫ਼ਿਕਸ਼ਨ ਨੂੰ ਸਮਝਣ ਵਿੱਚ ਮਦਦਗਾਰ ਵੀ ਬਣੇ ਹਨ। ਆਲੋਚਨਾ ਹੁਣ ਸਾਹਿਤ ਤੋਂ ਵੱਖ ਨਹੀਂ ਏ। ਜੇ ਸਾਹਿਤ ਹੈ ਤੇ ਫ਼ਿਰ ਆਲੋਚਨਾ ਵੀ ਹੈ। ਸਾਹਿਤ ਬਿਨਾਂ ਆਲੋਚਨਾ ਦਾ ਆਪਣਾ ਕੋਈ ਵਜੂਦ ਨਹੀਂ। ਹਰ ਆਲੋਚਕ ਦੀ ਪਾਠਕਾਂ ਵਾਂਗ ਆਪਣੀ ਪਸੰਦ ਤੇ ਨਾਪਸੰਦ ਹੋ ਸਕਦੀ ਏ। ਇਹ ਪਸੰਦ, ਨਾਪਸੰਦ ਕਿਸੇ ਵੀ ਲਿਖਤ ਜਾਂ ਲੇਖਕ ਨੂੰ ਨਿੱਕਾ ਜਾਂ ਵੱਡਾ ਬਣਾ ਸਕਦੀ ਏ। ਵੇਲੇ ਦੇ ਨਾਲ਼ ਲਿਖਤ ਦੇ ਮਤਲਬ ਬਦਲ ਜਾਂਦੇ ਨੇ। ਜੱਜ ਤੇ ਆਲੋਚਕ ਆਪਣੇ ਵੇਲੇ ਦੀ ਸਮਝ ਨਾਲ਼ ਸ਼ਬਦਾਂ ਦੇ ਮਤਲਬ ਕੱਢ ਕੇ ਵਿਆਖਿਆ ਕਰਦੇ ਰਹਿੰਦੇ ਨੇ। ਸ਼ਬਦਾਂ ਤੇ ਲਿਖਾਰੀ ਦੇ ਸੰਬੰਧ ਨੂੰ ਅਜੇ ਤਾਈਂ ਨਾ ਜੱਜ ਤੇ ਨਾ ਈ ਕੋਈ ਆਲੋਚਕ ਪੂਰਾ ਸਮਝ ਸਕਿਆ ਏ। ਲਿਖਾਰੀ ਤੇ ਆਲੋਚਕ ਵਿਚਕਾਰ ਇੱਕ ਪਰਦਾ ਤਾਂ ਰਹਿੰਦਾ ਏ ਜਿਹਦੇ ਵਿੱਚੋਂ ਸ਼ਕਲ ਬਦਲ-ਬਦਲ ਕੇ ਨਜ਼ਰ ਆਉਦੀ ਰਹਿੰਦੀ ਏ। ਇਸ ਲਈ ਟੀ ਐਸ ਈਲੀਅਟ ਦੀ ਗੱਲ ਗ਼ਲਤ ਵੀ ਨਹੀਂ ਪਰ ਇਹ ਪੂਰਾ ਸੱਚ ਵੀ ਨਹੀਂ ਹੈ। ਜ਼ਾਤੀ ਤੌਰ ਉੱਤੇ ਆਲੋਚਨਾ ਮੈਂ ਘੱਟ ਪੜ੍ਹੀ ਏ। ਆਲੋਚਨਾ ਪੜ੍ਹਨ ਨੂੰ ਦਿਲ ਕਰੇ ਤਾਂ ਫ਼ਿਰ ਮੈਂ ਕਾਫ਼ਕਾ, ਰੋਬਰਟ ਮੋਜ਼ੀਲ, ਜੇ ਐਮ ਕੋਇਟਜ਼ੀ ਤੇ ਰਿਕਾਰਡੋ ਪਿਗਲਿਆ ਦੀਆਂ ਡਾਇਰੀਆਂ ਪੜ੍ਹ ਲੈਂਦਾ ਹਾਂ।
? ਆਏ ਦਿਨ ਤੁਹਾਡਾ ਨਿੱਤ ਨਵੇਂ ਮੁਕੱਦਮਿਆਂ ਨਾਲ਼ ਵਾਹ ਪੈਂਦਾ ਹੈ। ਕੀ ਤੁਸੀਂ ਕਿਸੇ ਖ਼ਾਸ ਕੇਸ ਜਾਂ ਕੇਸ ਨਾਲ਼ ਸੰਬੰਧਿਤ ਘਟਨਾ ਨੂੰ ਆਧਾਰ ਬਣਾ ਕੇ ਕੋਈ ਕਹਾਣੀ ਲਿਖੀ ਹੈ।
– ਜੀ ਬਿਲਕੁਲ। ਕਚਹਿਰੀ ਕਹਾਣੀਆਂ ਦਾ ਰਿਪੋਰਟਿੰਗ ਸੈਂਟਰ ਏ। ਸ਼ਹਿਰ ਤੇ ਪਿੰਡਾਂ ਦੇ ਰੌਲ਼ੇ-ਰੱਪੇ ਅਖ਼ੀਰ ਉੱਥੇ ਈ ਅੱਪੜਦੇ ਤੇ ਪਥੱਲਾ ਮਾਰ ਕੇ ਬਹਿ ਜਾਂਦੇ ਨੇ। ਮੈਂ ਵੀ ਆਪਣੀਆਂ ਦੋ ਤਿੰਨ ਕਹਾਣੀਆਂ ਦੇ ਸਿਰੇ ਕਚਹਿਰੀ ਵਿੱਚੋਂ ਫੜੇ ਸਨ। ਇੱਕ ਮੇਰੀ ਕਹਾਣੀ ‘ਕਿਹੜਾ ਪਿਓ’ ਏ। ਮੈਂ ਝੰਗ ਵਿੱਚ ਸਿਵਲ ਜੱਜ ਦੇ ਤੌਰ ਕੰਮ ਕਰ ਰਿਹਾ ਸਾਂ। ਇੱਕ ਦਿਹਾੜੇ ਮੁਕੱਦਮਿਆਂ ਦੀਆਂ ਆਵਾਜ਼ਾਂ ਕਰਵਾ ਕੇ ਮੈਂ ਇੱਕ ਫਾਈਲ ਨੂੰ ਪੜ੍ਹਨ ਲੱਗ ਗਿਆ। ਇਸ ਦਿਹਾੜੇ ਉਹਦਾ ਫ਼ੈਸਲਾ ਕਰਨਾ ਸੀ। ਅਦਾਲਤ ਵਿੱਚ ਇੱਕ ਜ਼ਨਾਨੀ ਤੇ ਉਹਦੀ ਧੀ ਕੇਸ ਦਾ ਫ਼ੈਸਲਾ ਸੁਣਨ ਲਈ ਆਈਆਂ ਸਨ। ਮੈਂ ਅਖੀਰਲੀ ਵਾਰ ਕੇਸ ਨੂੰ ਪੜ੍ਹ ਕੇ ਫ਼ੈਸਲਾ ਸੁਣਾ ਦਿੱਤਾ। ਇਸ ਤਰ੍ਹਾਂ ਦੇ ਫ਼ੈਸਲੇ ਕਰਨਾ ਆਮ ਜਿਹਾ ਕੰਮ ਏ। ਮੈਂ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਕੀਤਾ ਤੇ ਉਹ ਕੁੜੀ ਧਾਹਾਂ ਮਾਰ ਕੇ ਰੋਣ ਲੱਗ ਪਈ। ਉਹਦੇ ਇਸ ਰੁਦਨ ਨੇ ਹੀ ਮੈਨੂੰ ਕਹਾਣੀ ਲਿਖਣ ਲਈ ਮਜਬੂਰ ਕੀਤਾ। ਇਸ ਕਹਾਣੀ ਦੇ ਪਾਤਰਾਂ ਦੀ ਹਯਾਤੀ ਖ਼ਿਆਲੀ ਏ ਤੇ ਕੇਸ ਦੇ ਫ਼ੈਕਟਸ ਮੈਂ ਉੱਨੇ ਈ ਫ਼ਿਕਸ਼ਨ ਵਿੱਚ ਵਰਤੇ ਜਿੰਨੀ ਲੋੜ ਸੀ। ਅਜਿਹੀ ਹੀ ਇੱਕ ਹੋਰ ਕਹਾਣੀ ‘ਝੱਲਾ’ ਏ। ਇੱਕ ਜ਼ਨਾਨੀ ਨੇ ਤਲਾਕ ਮਗਰੋਂ ਆਪਣੀ ਬਾਲੜੀ ਦੇ ਖ਼ਰਚੇ ਦਾ ਮੁਕੱਦਮਾ ਆਪਣੇ ਖ਼ਾਵੰਦ ਦੇ ਖ਼ਿਲਾਫ਼ ਕੀਤਾ ਸੀ। ਜਿੰਨਾ ਚਿਰ ਮੁਕੱਦਮਾ ਚਲਦਾ ਉਹ ਲੜਦੇ-ਭਿੜਦੇ ਈ ਰਹੇ। ਉਨ੍ਹਾਂ ਦੀ ਚਾਰ-ਪੰਜ ਵਰ੍ਹਿਆਂ ਦੀ ਧੀ ਇਹ ਵੇਖਦੀ ਰਹਿੰਦੀ। ਕੇਸ ਦਾ ਫ਼ੈਸਲਾ ਹੋ ਗਿਆ ਤਾਂ ਧੀ ਦਾ ਖ਼ਰਚਾ ਲੱਗ ਗਿਆ। ਬੰਦਾ ਕੋਈ ਮਜ਼ਦੂਰ ਤੇ ਝੱਲਾ ਜਿਹਾ ਲੱਗਦਾ ਸੀ। ਉਹ ਕਦੇ ਖ਼ਰਚਾ ਦੇ ਦਿੰਦਾ ਤੇ ਕਦੇ ਕਾਰਾ ਕਰਦਾ। ਖ਼ਰਚਾ ਨਾ ਮਿਲਦਾ ਤਾਂ ਜ਼ਨਾਨੀ ਉਹਨੂੰ ਧੀ ਨਾਲ਼ ਮਿਲਣ ਵੀ ਨਾ ਦਿੰਦੀ। ਇੱਕ ਦਿਹਾੜੇ ਪੇਸ਼ੀ ਉੱਤੇ ਉਹ ਬੰਦਾ ਖ਼ਰਚਾ ਦੇਣ ਆਇਆ ਪਰ ਜ਼ਨਾਨੀ ਇਕੱਲੀ ਆਈ ਸੀ। ਬੰਦੇ ਦੇ ਹੱਥ ਵਿੱਚ ਖ਼ਰਚੇ ਦੇ ਪੈਸੇ ਸਨ ਪਰ ਜ਼ਨਾਨੀ ਨੇ ਇਹ ਆਖ ਸੁਣਾਇਆ ਕਿ ਧੀ ਮਰ ਗਈ ਏ। ਇਸ ਗੱਲ ਨੇ ਮੇਰੇ ਉੱਤੇ ਅਸਰ ਕੀਤਾ ਤਾਂ ਮੈਂ ਉਨ੍ਹਾਂ ਦੀ ਹਯਾਤੀ ਦੀ ਕਹਾਣੀ ਘੜ ਕੇ ਇਸ ਘਟਣਾ ਨੂੰ ਉਲੀਕ ਛੱਡਿਆ। ਇੱਕ ਹੋਰ ਕਹਾਣੀ ‘ਘੁਮਿਆਰ’ ਹੈ ਜਿਹਦੇ ਵਿੱਚ ਮੈਂ ਅਦਾਲਤੀ ਨਿਜ਼ਾਮ ਉੱਤੇ ਆਪਣੇ ਵਿਚਾਰ ਦਰਸਾਏ ਨੇ। ਮੈਂ ਜੋ ਵੇਖਿਆ ਏ ਉਹ ਇਨਸਾਫ਼ ਦੀ ਦੇਵੀ ਬਾਰੇ ਲਿਖ ਦਿੱਤਾ ਏ। ਅੱਗੋਂ ਮੇਰਾ ਪ੍ਰੋਗਰਾਮ ਹੈ ਕਿ ਮੈਂ ਤਸ਼ੱਦਦ (ਹਿੰਸਾ) ਤੇ ਕਤਲ ਦੇ ਬਾਰੇ ਵਿੱਚ ਕੋਈ ਨਾਵਲ ਲੱਖਾਂ। ਵਿਹਲ ਮਿਲਣ ਦੀ ਗੱਲ ਏ, ਵੇਖੋ ਕਦੋਂ ਲਿਖਿਆ ਜਾਂਦਾ ਏ।
? ਆਰ-ਪਾਰ ਬੋਲੀ ਇੱਕ ਹੋਣ ਦੇ ਬਾਵਜੂਦ ਇਹ ਦੋ ਲਿਪੀਆਂ ਦਾ ਕੀ ਪੁਆੜਾ ਏ। ਨਾਲੇ ਦੋਨਾਂ ਪਾਸੇ ਬੋਲੀ ਵਿੱਚ ਪੈ ਰਹੇ ਪਾੜ ਬਾਰੇ ਕੀ ਕਹੋਗੇ।
– ਗੁਰਮੁਖੀ ਲਿਪੀ ਪੰਜਾਬੀ ਲਈ ਬਹੁਤ ਢੁੱਕਵੀਂ ਏ। ਸ਼ਾਹਮੁਖੀ ਲਿਪੀ ਵਿੱਚ ਕਈ ਔਗੁਣ ਨੇ। ਆਵਾਜ਼ਾਂ ਨੂੰ ਅੱਖਰਾਂ ਦਾ ਬਾਣਾ ਪਵਾਉਣ ਵਿੱਚ ਇਹ ਪੂਰੀ ਤਰ੍ਹਾਂ ਕਾਮਯਾਬ ਨਹੀਂ। ਸ਼ਾਇਦ ਅੱਗੇ ਜਾ ਕੇ ਇਹਦੇ ਵੀ ਸਟੈਂਡਰਡ ਫ਼ਿਕਸ ਹੋ ਜਾਣ। ਸਾਂਝੇ ਹਿੰਦੁਸਤਾਨ ਵੇਲੇ ਪੰਜਾਬ ਵਿੱਚ ਪੰਜਾਬੀ ਦੀ ਤਾਕਤ ਫ਼ਾਰਸੀ ਜ਼ੁਬਾਨ ਸੀ। ਫ਼ਾਰਸੀ ਦੇ ਸ਼ਬਦ ਪੰਜਾਬੀ ਨੂੰ ਮੋਕਲ਼ਾ ਕਰਦੇ ਰਹੇ। ਪੰਜਾਬੀਆਂ ਦੀ ਆਮ ਬੋਲੀ ਹਾਲੀਂ ਵੀ ਉਹ ਏ ਜਿਹੜੀ ਸਾਂਝੇ ਪੰਜਾਬ ਵਿੱਚ ਬੋਲੀ ਜਾਂਦੀ ਸੀ। ਹੁਣ ਸਾਹਿਤ, ਰਿਸਰਚ ਤੇ ਇਤਿਹਾਸ ਦੀ ਜ਼ੁਬਾਨ ਬਦਲ ਗਈ ਏ। ਗੁਰਮੁਖੀ ਵਿੱਚ ਤਾਂ ਇਹ ਕੰਮ ਜਿਵੇਂ ਕਿਸੇ ਪਲਾਨਿੰਗ ਨਾਲ਼ ਹੋ ਰਿਹਾ ਏ। ਚੜ੍ਹਦੇ ਪਾਸੇ ਹਿੰਦੀ ਤੇ ਸੰਸ